ਚੰਨੀ ਖਿਲਾਫ਼ ਜਾਂਚ ਕਾਂਗਰਸ ਪਾਰਟੀ ਦੇ ਵਿਜੈ ਰੱਥ ਰੋਕਣ ਦਾ ਮਨਸੂਬਾ : ਸੁਨੀਲ ਜਾਖੜ
ਚੰਡੀਗੜ੍ਹ/ਅਬੋਹਰ, 1 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਜਾਂਚ ਦੇ ਹੁਕਮ ਜਾਰੀ ਕਰਨ ਸਬੰਧੀ ਆਪਣੀ ਪ੍ਰਤਿਕਿ੍ਰਆ ਦਿੰਦਿਆ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਚੋਣ ਅਭਿਆਨ ਕਮੇਟੀ ਦੇ ਚੇਅਰਮੈਨ ਸ੍ਰੀ ਸੁਨੀਲ ਜਾਖੜ ਨੇ ਇਸ ਕਾਰਵਾਈ ਨੂੰ ਕਾਂਗਰਸ ਪਾਰਟੀ ਦੇ ਵਿਜੈ ਰੱਥ ਨੂੰ ਰੋਕਣ ਲਈ ਸੋ੍ਰਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚ ਹੋਇਆ ਨਾਪਾਕ ਗੱਠਜੋੜ ਕਰਾਰ ਦਿੱਤਾ ਹੈ।
ਯੂਥ ਕਾਂਗਰਸ ਪ੍ਰਧਾਨ ਅਤਿੰਦਰਪਾਲ ਸਿੰਘ ਤਿੰਨਾਂ ਦੀ ਅਗਵਾਈ ਵਿਚ ਪਿੰਡ ਮੌਜਗੜ੍ਹ ਵਿਚ ਪਹੁਚੇ ਪਿੰਡਾਂ ਦੇ ਯੁਵਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਚੋਣ ਮੈਦਾਨ ਵਿਚ ਨਿੱਤਰੇ ਨੇਤਾਵਾਂ ਖਿਲਾਫ ਦੋਹਰੇ ਮਾਪਦੰਫ ਨਹੀਂ ਅਪਨਾਏ ਜਾ ਸਕਦੇ।ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਬਿਕਰਮ ਸਿੰਘ ਮਜੀਠੀਆ ਕੇਸ ਵਿਚ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਕਿ ਅਜਿਹੇ ਮਾਮਲੇ ਚੋਣਾਂ ਤੋਂ ਬਾਅਦ ਹੀ ਵਿਚਾਰਨੇ ਯੋਗ ਹੋਣਗੇ ਦੂਜ਼ੇ ਪਾਸੇ ਆਪ ਪਾਰਟੀ ਦੇ ਨੇਤਾਵਾਂ ਦੇ ਮੈਮੋਰੈਂਡਮ ਤੇ ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਵਿਰੁੱਧ ਪੰਜਾਬ ਦੇ ਡੀਜੀਪੀ ਨੂੰ ਜਾਂਚ ਕਰਨ ਦੇ ਨਿਰਦੇਸ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਸ੍ਰੀ ਰਾਹੁਲ ਗਾਂਧੀ ਦੇ ਦੌਰੇ ਮੌਕੇ ਆਪਣੇ ਗੈਰ ਹਾਜਰ ਰਹਿਣ ਬਾਰੇ ਕਿਹਾ ਕਿ ਉਹ ਵਿਦੇਸ ਵਾਪਸੀ ਤੋਂ ਬਾਅਦ ਪ੍ਰੋਟੋਕਾਲ ਅਨੁਸਾਰ ਇਕ ਹਫਤੇ ਤੇ ਇਕਾਂਤਵਾਸ ਤੇ ਸਨ ਜਿਸ ਕਾਰਨ ਉਹ ਉਸ ਦਿਨ ਹਾਜਰ ਨਹੀਂ ਹੋ ਸਕੇ ਪਰ ਹੁਣ ਚੋਣ ਪ੍ਰਚਾਰ ਵਿਚ ਉਹ ਪੂਰੀ ਤਰਾਂ ਨਾਲ ਸਰਗਰਮ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਨੂਸੂਚਿਤ ਜਾਤੀਆਂ ਤੋਂ ਇਲਾਵਾ ਕਿਸਾਨਾਂ, ਸਹਿਰੀ ਉਪਭੋਗਤਾਵਾਂ, ਮਿਹਨਤ ਮਜਦੂਰੀ ਕਰਨ ਵਾਲਿਆਂ ਦੀ ਭਲਾਈ ਲਈ ਅਨੇਕਾਂ ਇਤਿਹਾਸਕ ਕਦਮ ਉਠਾਏ ਹਨ ਅਤੇ ਵਿਕਾਸ ਦੀ ਨਵੀਂ ਗਾਥਾ ਲਿਖੀ ਹੈ।ਇਸ ਕਾਰਨ ਵਿਰੋਧੀ ਪਾਰਟੀਆਂ ਨੂੰ ਯਕੀਨ ਹੋ ਗਿਆ ਹੈ ਕਿ 20 ਫਰਵਰੀ ਨੂੰ ਹੋਣ ਵਾਲੇ ਮਤਦਾਨ ਮੌਕੇ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਊਮੀਦਵਾਰਾਂ ਦੇ ਸਾਹਮਣੇ ਟਿਕਣਾ ਮੁਸਕਿਲ ਹੈ। ਉਨ੍ਹਾਂ ਨੇ ਕਿਹਾ ਕਿ 4 ਮਹੀਨੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਜਿਸ ਤਰਾਂ ਸਾਰੇ ਬਕਾਇਆ ਮੁੱਦਿਆਂ ਦੇ ਹੱਲ ਲਈ ਤੇਜੀ ਨਾਲ ਕੰਮ ਕੀਤਾ ਗਿਆ ਉਸ ਨਾਲ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ ਹੈ। ਬਿਜਲੀ ਤੇ ਪਾਣੀ ਤੇ ਬਿੱਲ ਮਾਫ ਹੋਣ ਦੀ ਹਕੀਕਤ ਨੂੰ ਝੁਠਲਾਉਣ ਲਈ ਅਕਾਲੀ ਦਲ, ਭਾਜਪਾ ਤੇ ਆਪ ਨੇ ਪੂਰਾ ਜ਼ੋਰ ਲਗਾ ਲਿਆ ਪਰ ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਇਸ ਝੁਠੇ ਪ੍ਰਚਾਰ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਂਵਾਂ ਦਾ ਲਾਭ ਲੈਣ ਵਾਲੇ ਲੱਖਾਂ ਪੰਜਾਬੀਆਂ ਨੇ ਪੱਕਾ ਮਨ ਬਣਾ ਲਿਆ ਹੈ ਕਿ ਉਹ ਮੁੜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਤਿੰਨੇ ਵਿਰੋਧੀ ਪਾਰਟੀਆਂ ਅੰਦਰਖਾਤੇ ਗਠਜੋੜ ਕਰਕੇ ਕਾਂਗਰਸ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਦੀਆਂ ਨਾਕਾਮ ਕੋਸਿਸਾਂ ਕਰ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਪਰ ਦਿਵਾਰ ਤੇ ਲਿਖਿਆ ਸੱਚ ਇਹੀ ਹੈ ਕਿ ਵਿਰੋਧੀਆਂ ਦੇ ਪੱਲੇ ਨਿਰਾਸਾ ਤੋਂ ਇਲਾਵਾ ਕੁਝ ਵੀ ਨਹੀਂ ਪੈਣਾ ਹੈ।

