ਅਕਾਲੀ ਦਲ ਹੂੰਝਾ ਫੇਰ ਜਿੱਤ ਵੱਲ ਵੱਧ ਰਿਹੈ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਪੰਜਾਬੀਆਂ ਨੇ ਭ੍ਰਿਸ਼ਟ ਕਾਂਗਰਸ ਨੁੰ ਚਲਦਾ ਕਰਨ ਦਾ ਮਨ ਬਣਾਇਆ ਤੇ ਬਾਹਰਲਿਆਂ ਦੀ ਪਾਰਟੀ ਆਮ ਆਦਮੀ ਪਾਰਟੀ ’ਤੇ ਵਿਸਾਹ ਨਹੀਂ ਕਰਨਗੇ

ਫਤਿਹਗੜ੍ਹ ਸਾਹਿਬ, 7 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੂੰਝਾ ਫੇਰ ਜਿੱਤ ਵੱਲ ਵੱਲ ਰਿਹਾ ਹੈ ਤੇ ਪੰਜਾਬੀਆਂ ਨੇ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੁੰ ਚਲਦਾ ਕਰਨ ਦਾ ਬਣ ਲਿਆ ਹੈ ਤੇ ਨਾਲ ਹੀ ਉਹ ਬਾਹਰਲਿਆਂ ਦੀ ਪਾਰਟੀ ਆਮ ਆਦਮੀ ਪਾਰਟੀ ’ਤੇ ਵਿਸਾਹ ਨਹੀਂ ਕਰਨਗੇ।

ਇਥੇ ਬੱਸੀ ਪਠਾਣਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਿਵ ਕੁਮਾਰ ਅਤੇ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘਚੀਮਾ ਦੇ ਹੱਕ ਵਿਚ ਚੋਣ ਇਕੱਠਾਂ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੌਰਾਨ ਇਕ ਵੀ ਲੋਕ ਪੱਖੀ ਫੈਸਲਾ ਨਹੀਂ ਲਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮਾੜੇ ਅਨਸਰਾਂ ਨੁੰ ਕਰੋੜਾਂ ਰੁਪਏ ਵਿਚ ਟਿਕਟਾਂ ਵੇਚ ਕੇ ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੁੰ ਠੁਕਰਾ ਕੇ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।

ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਹੱਲਾ ਬੋਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਸਕੀਮ ਅਤੇ ਲੜਕੀਆਂ ਲਈ ਮੁਫਤ ਸਾਈਕਲਾਂ ਦੀ ਵੰਡ ਬੰਦ ਕਰ ਦਿੱਤੀ। ਇਸਨੇ ਖੇਡ ਕਿੱਟਾਂ ਅਤੇ ਮੁਫਤ ਜਿਮ ਦੀ ਵੰਡ ਵੀ ਬੰਦ ਕਰ ਦਿੱਤੀ ਜਦੋਂ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਸੇਵਾ ਕੇਂਦਰ ਬੰਦ ਕਰ ਕੇਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਦੂਰ ਰੱਖਿਆ ਗਿਆ। ਉਹਨਾਂ ਲੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ ਅਤੇ ਉਹਨਾਂ ਵੱਲੋਂ ਆਰੰਭੇ ਮਾਫੀਆ ਰਾਜ ਤੋਂ ਚੌਕਸ ਰਹਿਣ। ਉਹਨਾਂ ਕਿਹਾ ਕਿ ਚੰਨੀ ਦੇ ਭਾਣਜੇ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਬਰਾਮਦੀ ਤਾਂ ਹਾਲੇ ਸਿਰ ਤਿਣਕਾ ਮਾਤਰ ਹੈ ਅਤੇ ਚੰਨੀ ਦੇ ਮੋਰਿੰਡਾ ਵਿਚ ਪ੍ਰਾਈਵੇਟ ਘਰ ਵਿਚੋਂ ਕਰੋੜਾਂ ਰੁਪਏ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਭੇਜ ਦਿੱਤੇ ਗਏ ਸਨ।

ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੁੰ ਵੀ ਕਰੜੇ ਹੱਥੀਂ ਲਿਆ ਤੇ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਉਹ ਕਿੰਨੀ ਵਾਰ ਪੰਜਾਬ ਆਏ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਤਾਂ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ ਕੋਰੋਨਾ ਕਾਲ ਵਿਚ ਪੰਜਾਬੀਆਂ ਲਈ ਕੋਈ ਵੀ ਮੈਡੀਕਲ ਜਾਂ ਹੋਰ ਸਹੂਲਤ ਨਹੀਂ ਭੇਜੀ ਸੀ। ਉਹਨਾਂ ਕਿਹਾ ਕਿ ਹੁਣ ਉਹ ਇਕ ਮੌਕਾ ਮੰਗ ਕੇ ਪੰਜਾਬੀਆਂ ਨੁੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਉਹ ਜਾਣਦੇ ਹਨ ਕਿ ਉਹ ਕੋਈ ਵੀ ਸੇਵਾ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਬਜਾਏ ਪੰਜਾਬ ਲਈ ਕੁਝ ਕਰਨ ਦੇ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗਿਆ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਕਰ ਕੇ ਉਹਨਾਂ ਨੁੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਵੋਟ ਦੇਣ ਦਾ ਮਤਲਬ ਹੈ ਕਿ ਕਿਸਾਨਾਂ ਨੁੰ ਮਿਲ ਰਹੀ ਮੁਫਤ ਬਿਜਲੀ ਸਹੂਲਤ ਅਤੇ ਆਟਾ ਦਾਲ ਤੇ ਸ਼ਗਨ ਸਕੀਮ ਸਮੇਤ ਹੋਰ ਸਮਾਜ ਭਲਾਹੀ ਸਕੀਮਾਂ ਬੰਦ ਕਰਨਾ ਹੈ ਕਿਉਂਕਿ ਇਹ ਦਿੱਲੀ ਮਾਡਲ ਦਾ ਹਿੱਸਾ ਨਹੀਂ ਹੈ।
ਸਰਦਾਰ ਬਾਦਲ ਨੇ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੁੰ ਰਿਹਾਅ ਕਰਨ ਤੋਂ ਇਨਕਾਰ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਬੰਧਤ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਪ੍ਰੋ. ਭੁੱਲਰ ਨੁੰ ਰਿਹਾਅ ਕਰਨ ਤੋਂ ਤਿੰਨ ਵਾਰ ਇਨਕਾਰ ਕਰ ਦਿੱਤਾ। ਅਕਾਲੀ ਦਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਝੁਠੀਆਂ ਸਹੁੰਆਂ ਖਾਣ ਅਤੇ ਲੋਕਾਂ ਤੋਂ ਫਾਰਮ ਭਰਵਾਉਣ ਵਿਚ ਵਿਸ਼ਵਾਸ ਨਹੀਂ ਰੱਖਦੀ। ਅਸੀਂ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਅਤੇ ਅੱਗੇ ਵੀ ਨਿਭਾਵਾਂਗੇ ਤੇ ਸਾਡਾ ਰਿਕਾਰਡ ਇਹ ਸਾਬਤ ਕਰਦਾ ਹੈ।

