ਅੰਮ੍ਰਿਤਸਰਪੰਜਾਬ

ਅਮਰੀਕੀ ਸੰਸਥਾ ਯੂਐੱਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ 2011 ਦੀ ਰਿਪੋਰਟ ਨੇ ਕਈ ਸੰਵੇਦਨਸ਼ੀਲ ਮੁੱਦਿਆ ਨੂੰ ਉਭਾਰਿਆ ਬਾਬਾ ਬਲਬੀਰ ਸਿੰਘ ਅਕਾਲੀ

ਅੰਮ੍ਰਿਤਸਰ, 10 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿੱਚ ਘੱਟ ਗਿਣਤੀਆਂ ਨਾਲ ਹੁੰਦੀ ਬੇਇਨਸਾਫੀ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਧਾਰਮਿਕ ਆਜ਼ਾਦੀ ਦੇ ਖੇਤਰ ਵਿਚ ਕੰਮ ਕਰਨ ਵਾਲੀ ਅਮਰੀਕੀ ਸੰਸਥਾ ਯੂਐੱਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ 2011 ਦੀ ਰਿਪੋਰਟ ਨੇ ਕਈ ਸੰਵੇਦਨਸ਼ੀਲ ਮੁੱਦਿਆ ਨੂੰ ਉਭਾਰਿਆ ਸੀ, ਜਿਵੇਂ ਘੱਟਗਿਣਤੀ ਫਿਰਕੇ ਦੀਆਂ ਔਰਤਾਂ ਅਤੇ ਬੱਚਿਆਂ ਦੇ ਉਧਾਲੇ, ਉਨ੍ਹਾਂ ਨੂੰ ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ, ਔਰਤਾਂ ਨਾਲ ਜਬਰ ਜਨਾਹ ਅਤੇ ਜ਼ਬਰਦਸਤੀ ਵਿਆਹ-ਸ਼ਾਦੀਆਂ ਕਰਨ ਬਾਰੇ ਤੱਥ ਸਾਹਮਣੇ ਲਿਆਏ ਸਨ।ਉਨ੍ਹਾਂ ਕਿਹਾ ਪਾਕਿਸਤਾਨ ਅਜਿਹਾ ਅਸਹਿਣਸ਼ੀਲ ਸਮਾਜ ਅਤੇ ਰਾਜ ਪ੍ਰਬੰਧ ਬਣ ਜਾਣਾ ਮੰਦਭਾਗਾ ਹੈ।ਜਿਸ ਵਿਚ ਸੋੜੇ ਵਿਚਾਰਾਂ ਵਾਲੇ ਲੋਕਾਂ ਦਾ ਬੋਲ ਬਾਲਾ ਹੈ।ਘੱਟ ਗਿਣਤੀਆਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਭੂਟਾਨ ਤੋਂ ਸਿਵਾਏ ਦੱਖਣੀ ਏਸ਼ੀਆ ਦੇ ਸਭ ਦੇਸ਼ਾਂ `ਚ ਘੱਟਗਿਣਤੀ ਫ਼ਿਰਕਿਆਂ ਨਾਲ ਸਿਰਫ ਵਿਤਕਰਾ ਹੀ ਨਹੀਂ ਕੀਤਾ ਜਾਂਦਾ, ਸਗੋਂ ਹਿੰਸਾ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ।ਪਾਕਿਸਤਾਨ ’ਚ ਪਿਛਲੇ ਦਿਨੀਂ ਹਿੰਦੂ ਵਪਾਰੀਆਂ ਤੇ ਈਸਾਈ ਪਾਦਰੀ ਦਾ ਕਤਲ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ ਤੇ ਹੋ ਰਹੇ ਜਬਰ ਦੀ ਗਵਾਹੀ ਦਿੰਦੇ ਹਨ।ਸਿੰਧ ਵਿਚ ਹਿੰਦੂ ਵਪਾਰੀ ਸ਼ੈਤਾਨ ਲਾਲ ਦੀ ਹੱਤਿਆ ਕਰ ਦਿੱਤੀ ਗਈ, ਉਸ ਨੂੰ ਦੇਸ਼ ਛੱਡ ਕੇ ਜਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।ਪਿਸ਼ਾਵਰ ਵਿਚ ਈਸਾਈ ਹਿੰਸਾ ਦਾ ਸ਼ਿਕਾਰ ਹੁੰਦੇ ਰਹੇ ਹਨ।ਪਾਕਿਸਤਾਨ ਵਿਚ ਈਸਾਈਆਂ ਦੀ ਗਿਣਤੀ ਕੁੱਲ ਵਸੋਂ ਦਾ ਸਿਰਫ਼ 1.27 ਫੀਸਦੀ ਹੈ।

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮੀਡੀਏ ਰਾਹੀਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ।ਇਸ ਕਾਰਨ ਉਨ੍ਹਾਂ ਵਿਚ ਦੇਸ਼ ਛੱਡਣ ਦਾ ਰੁਝਾਨ ਵਧਿਆ ਹੈ।ਇਸ ਸਦੀ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ 40,000 ਤੋਂ ਵੱਧ ਸੀ ਜਿਹੜੀ ਹੁਣ 10,000 ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਦੱਖਣੀ ਦੇਸ਼ਾਂ ਦੀਆਂ ਮੁਸਲਮਾਨ ਜਥੇਬੰਦੀਆਂ ਨੂੰ ਪਾਕਿਸਤਾਨ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਬੋਧੀ ਜਥੇਬੰਦੀਆਂ ਨੂੰ ਸ੍ਰੀਲੰਕਾ ਅਤੇ ਨਿਆਂ ਪਸੰਦ ਹਿੰਦੂ ਜਥੇਬੰਦੀਆਂ ਨੂੰ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੁੰਦੇ ਵਿਤਕਰਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।ਜਦ ਕਿਸੇ ਧਰਮ ਨਾਲ ਜੁੜੇ ਲੋਕ ਘੱਟਗਿਣਤੀ ਫ਼ਿਰਕੇ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਇਹ ਫ਼ਰਜ਼ ਉਸ ਧਰਮ ਦੇ ਜ਼ਿੰਮੇਵਾਰ ਵਿਅਕਤੀਆਂ `ਤੇ ਹੀ ਆਇਦ ਹੁੰਦਾ ਹੈ ਕਿ ਉਹ ਅਜਿਹੇ ਵਰਤਾਰੇ ਦਾ ਵਿਰੋਧ ਕਰਨ।ਕੌਮਾਂਤਰੀ ਭਾਈਚਾਰਾ ਵੀ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਗੁਆਂਢੀ ਦੇਸ਼ਾਂ ਵਿਚ ਘੱਟਗਿਣਤੀ ਫ਼ਿਰਕਿਆਂ ਵਿਰੁੱਧ ਵਧਦੇ ਅਪਰਾਧਾਂ ਵਿਰੁੱਧ ਵੀ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉੱਠਣੀ ਚਾਹੀਦੀ ਹੈ।

Leave a Reply

Your email address will not be published. Required fields are marked *