ਉੱਤਰਾਖੰਡ ਭਾਈਚਾਰੇ ਵੱਲੋਂ ਹਰਪਾਲ ਜੁਨੇਜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ
ਪਹਿਲੀ ਵਾਰ ਅਬਲੋਵਾਲ ਇਲਾਕੇ ਵਿਚ ਅਕਾਲੀ ਦਲ ਦੀ ਝੰਡੀ ਘਰ-ਘਰ ਲੱਗੀ
ਕੈਪਟਨ ਨੇ ਜ਼ਿੰਦਗੀ ਦੀ ਪਹਿਲੀ ਚੋਣ ਵੀ ਹਾਰੀ ਤੇ ਹੁਣ ਆਖਰੀ ਵੀ ਹਾਰਨ ਨੂੰ ਤਿਆਰ : ਹਰਪਾਲ ਜੁਨੇਜਾ
ਪਟਿਆਲਾ, 12 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪਟਿਆਲਾ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਉੱਤਰਾਖੰਡ ਭਾਈਚਾਰੇ ਵੱਲੋਂ ਅੱਜ ਅਬਲੋਵਾਲ ਇਲਾਕੇ ਵਿਚ ਇਕ ਚੋਣ ਮੀਟਿੰਗ ਦੇ ਦੌਰਾਨ ਪਟਿਆਲਾ ਸ਼ਹਿਰ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਖੁੱਲ ਕੇ ਚੱਲਣ ਦਾ ਐਲਾਨ ਕਰ ਦਿੱਤਾ। ਪਟਿਆਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਅਬਲੋਵਾਲ ਇਲਾਕੇ ਵਿਚ ਹਰ ਘਰ ’ਤੇ ਸ਼ੋ੍ਰਮਣੀ ਅਕਾਲੀ ਦਲ ਦੇ ਝੰਡੇ ਅਤੇ ਬੈਨਰ ਲੱਗੇ ਹੋਏ ਸਨ। ਅੱਜ ਉੱਤਰਾਖੰਡ ਭਾਈਚਾਰੇ ਦੇ ਲੋਕਾਂ ਵੱਲੋਂ ਖੁਦ ਟੀਮਾਂ ਬਣਾ-ਬਣਾ ਕੇ ਘਰ ਘਰ ਜਾ ਕੇ ਹਰਪਾਲ ਜੁਨੇਜਾ ਦੇ ਹੱਕ ਵਿਚ ਵੋਟਾਂ ਮੰਗਣ ਦਾ ਐਲਾਨ ਕੀਤਾ ਗਿਆ। ਅਬਲੋਵਾਲ ਇਲਾਕੇ ਵਿਚ ਬਹੁ ਗਿਣਤੀ ਵਿਚ ਉੱਤਰਾਖੰਡ ਇਲਾਕੇ ਦੇ ਲੋਕ ਰਹਿ ਰਹੇ ਹਨ।
ਇਸ ਮੌਕੇ ਹਰਪਾਲ ਜੁਨੇਜਾ ਨੇ ਸਮੁੱਚੇ ਉੱਤਰਾਖੰਡ ਭਾਈਚਾਰੇ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਉੱਤਰਾਖੰਡ ਭਾਈਚਾਰਾ ਜੋ ਕਿ ਪਿਛਲੇ ਚਾਰ-ਪੰਜ ਦਹਾਕੇ ਤੋਂ ਰਹਿ ਰਿਹਾ ਹੈ ਅਤੇ ਪਟਿਆਲਾ ਦੇ ਵਿਕਾਸ ਵਿਚ ਵੀ ਇਥੋਂ ਦੇ ਲੋਕਾਂ ਦਾ ਯੋਗਦਾਨ ਹੈ। ਉਥੋਂ ਦੇ ਲੋਕ ਇਮਾਨਦਾਰ, ਮਿਹਨਤੀ ਅਤੇ ਮਿਲਣਸਾਰ ਹਨ। ਉਨਾਂ ਨੇ ਕਿਹਾ ਕਿ ਜਿੱਥੋਂ ਤੱਕ ਕੈ. ਅਮਰਿੰਦਰ ਸਿੰਘ ਦਾ ਸਵਾਲ ਹੈ ਤਾਂ ਉਹ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਵੀ ਹਾਰੇ ਸਨ ਅਤੇ ਹੁਣ ਆਖਰੀ ਚੋਣ ਵੀ ਹਾਰਨਗੇ। ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਹੁਣ ਜਾਗ ਚੁੱਕਾ ਹੈ ਅਤੇ ਉਹ ਇਨਾਂ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲਾ ਨਹੀਂ ਹੈ।
ਉਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਥੇ ਹਜਾਰਾਂ ਕਰੋੜ ਦੀ ਗੱਲ ਕੀਤੀ ਗਈ ਉਥੇ ਜਦੋਂ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿਚ ਵੀ ਜਾਂਦੇ ਹਾਂ ਤਾਂ ਜਿੱਥੇ ਲੋੜ ਨਹੀਂ ਸੀ ਉਥੇ ਟਾਈਲਾਂ ਲੱਗੀਆਂ ਦਿਖਾਈ ਦੇ ਰਹੀਆਂ ਸਨ ਲੇਕਿਨ ਹੋਰ ਕਿੱਥੇ ਕੋਈ ਵਿਕਾਸ ਜਿਹੀ ਚੀਜ਼ ਨਹੀਂ ਦਿਖੀ। ਸ਼ਹਿਰ ਦੀਆਂ ਸਟ੍ਰਰੀਟ ਲਾਈਟਾਂ ਅਤੇ ਟ੍ਰੈਫਿਕ ਲਾਈਟਾਂ ਅਕਸਰ ਖ਼ਰਾਬ ਰਹਿੰਦੀਆਂ ਹਨ। ਲੋਕਾਂ ਨੂੰ ਘਰਾਂ ਵਿਚ ਸ਼ੁੱਧ ਪਾਣੀ ਨਹੀ ਮਿਲ ਰਿਹਾ, ਸੀਵਰੇਜ ਸਿਸਟਮ ਵੀ ਜਾਮ ਹੀ ਰਹਿੰਦਾ ਹੈ। ਇਸ ਮੌਕੇ ਸੁਖਬੀਰ ਸਿੰਘ ਅਬਲੋਵਾਲ, ਇਸ਼ਰ ਸਿੰਘ ਅਬਲੋਵਾਲ, ਹੀਰਾਮਣੀ, ਕੇਸ਼ਵ ਦੱਤ, ਨਰਾਇਣ ਦੱਤ, ਨੰਦਾ, ਵਿਨੋਦ ਕੁਮਾਰ, ਫੂਲ ਚੰਦ, ਰੋਹਿਤ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

