ਸੰਵਿਧਾਨ ਦੀਆਂ ਧਾਰਾਵਾਂ 25 ਤੇ 14 ਅਨੁਸਾਰ ਹਿਜਾਬ ਤੇ ਪਾਬੰਦੀ ਲਗਾਉਣੀ ਬੇਮਾਅਨੀ ਹੈ:ਬਾਬਾ ਬਲਬੀਰ ਸਿੰਘ ਅਕਾਲੀ
ਅੰਮ੍ਰਿਤਸਰ, 13 ਫਰਵਰੀ (ਮਧੂਸਾਰ ਬਿਊਰੋ)- ਕਰਨਾਟਕ ਦੇ ਕੁੰਦਾਪੁਰ ਕਾਲਜ ਵਿੱਚ ਇਕ ਮੁਸਲਮਾਨ ਵਿਦਿਆਰਥਣ ਨੂੰ ਹਿਜਾਬ ਪਹਿਨ ਕੇ ਆਉਣ ਬਾਰੇ ਛਿੜੇ ਵਿਵਾਦ ਤੇ ਟਿੱਪਣੀ ਕਰਦਿਆਂ ਸੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁੱਖੀ ਸ੍ਰੋਮਣੀ ਸੇਵਾ ਰਤਨ ਸ੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹਿਜਾਬ ਤੇ ਪਾਬੰਦੀ ਬੇਮਤਲਬੀ ਹੈ। ਉਨ੍ਹਾਂ ਕਿਹਾ ਹਿਜਾਬ ਖਿਮਾਰ ਬੁਰਕਾ ਪਰਦਾ ਆਦਿ ਇਸਲਾਮੀ ਧਰਮ ਵਿੱਚ ਰਵਾਇਤ ਦਾ ਗੂੜ੍ਹਾ ਹਿੱਸਾ ਹੈ। ਹਿਜਾਬ ਤੇ ਕਾਨੂੰਨੀ ਪਾਬੰਦੀ ਲੱਗਣੀ ਮੰਦਭਾਗੀ ਅਫ਼ਸੋਸ ਜਨਕ ਅਤੇ ਸੰਵਿਧਾਨਿਕ ਮੱਦਾਂ ਦੀ ਉਲੰਘਣਾ ਹੈ। ਅਜਿਹੀਆਂ ਰੋਕਾਂ ਬਹੁਭਾਂਤੀ ਫ਼ਿਰਕਿਆਂ ਵਾਲੇ ਦੇਸ਼ ਲਈ ਘਾਤਕ ਹਨ।
ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਆਪਣੇ ਧਾਰਮਿਕ ਖੇਤਰੀ ਜਾਂ ਸੱਭਿਆਚਾਰਕ ਵਿਸ਼ਵਾਸ਼ਾਂ ਅਨੁਸਾਰ ਲਿਬਾਸ ਪਹਿਨਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ।ਭਾਰਤ ਦੇ ਸੰਵਿਧਾਨ ਦੀ ਧਾਰਾ 25 ਧਾਰਮਿਕ ਆਜ਼ਾਦੀ ਦੇ ਅਧਿਕਾਰ ਨੂੰ ਯਕੀਨੀ ਬਣਾਉਦੀ ਹੈ।ਲਿਬਾਸ ਤੋਂ ਹੀ ਬੰਦੇ ਦੀ ਧਰਤ ਤੇ ਧਰਮ ਦਾ ਪਤਾ ਲੱਗਦਾ ਹੈ।ਭਾਰਤ ਵਿੱਚ ਬਹੁਤ ਸਾਰੇ ਫਿਰਕੇ ਹਨ।ਉਨ੍ਹਾਂ ਦੀਆਂ ਆਪਣੀਆਂ ਰਵਾਇਤਾਂ ਪਰੰਪਰਾਵਾਂ ਹਨ।ਉਨ੍ਹਾਂ ਕਿਹਾ ਕਿ ਰੀਪੋਰਟਾਂ ਦੱਸਦੀਆਂ ਪੀਊ ਰਿਸਰਚ ਸੈਂਟਰ ਦੇ ਕੁਝ ਵਰ੍ਹੇ ਪਹਿਲਾਂ ਹੋਏ ਇੱਕ ਸਰਵੇਖਣ ਅਨੁਸਾਰ ਅਮੀਰਕਾ ਵਿੱਚ ਰਹਿੰਦੀਆਂ ਦੱਸ ਲੱਖ ਮੁਸਲਮਾਨ ਔਰਤਾਂ ਵਿੱਚੋਂ 43 ਫੀਸਦੀ ਹਿਜਾਬ ਪਹਿਨਦੀਆਂ ਹਨ ਅਤੇ 57 ਫੀਸਦੀ ਨਹੀਂ।ਤੁਰਕੀ ਦੇਸ਼ ਦੀਆਂ 15 ਫੀਸਦੀ ਔਰਤਾਂ ਹਿਜਾਬ ਦੀ ਥਾਂ ਤੇ ਸਿਰ ਤੇ ਪਗੜ੍ਹੀ ਬੰਨਣ ਨੂੰ ਧਾਰਮਿਕ ਤੌਰ ਤੇ ਸਹੀ ਮੰਨਦੀਆਂ ਹਨ।
ਉਨ੍ਹਾਂ ਕਿਹਾ ਲਿਬਾਸ ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਗਾਉਣੀ ਬੇਮਾਅਨੀ ਹੈ।ਅਜਿਹੀਆਂ ਪਾਬੰਦੀਆਂ ਘੱਟ ਗਿਣਤੀਆਂ ਅੰਦਰ ਡਰ ਸਹਿਮ ਤੇ ਧੱਕੋਜ਼ੋਰੀ ਦਾ ਮਹੌਲ ਸਿਰਜੀਆਂ ਹਨ।ਬਾਬਾ ਬਲਬੀਰ ਸਿੰਘ ਨੇ ਹੋਰ ਕਿਹਾ ਇੱਕ ਵਿਅਕਤੀ ਦਾ ਖਾਸ ਤਰੀਕੇ ਦਾ ਲਿਬਾਸ ਪਹਿਣਨਾ ਕਿਸੇ ਦੂਸਰੇ ਵਿਅਕਤੀ ਦੀ ਧਾਰਮਿਕ ਅਜ਼ਾਦੀ ਵਿੱਚ ਉਦੋ ਤੱਕ ਦਖਲ ਨਹੀਂ ਜਦੋਂ ਤੱਕ ਲਿਬਾਸ ਤੇ ਕੁਝ ਅਜਿਹੇ ਸ਼ਬਦ ਨਾ ਲਿਖੇ ਜਾਣ ਜੋ ਕਿਸੇ ਧਰਮ ਜਾਂ ਫਿਰਕੇ ਦੇ ਵਿਰੁੱਧ ਹੋਣ।ਉਨ੍ਹਾਂ ਕਿਹਾ ਬੁਰਕੇ ਜਾਂ ਹਿਜਾਬ ਵਿੱਚ ਅਜਿਹਾ ਕੁਝ ਨਹੀਂ ਹੈ।ਉਨ੍ਹਾਂ ਕਿਹਾ ਕਿਸੇ ਇੱਕ ਤਰ੍ਹਾਂ ਦੇ ਲਿਬਾਸ ਤੇ ਪਾਬੰਦੀ ਲਗਾਉਣਾ ਸੰਵਿਧਾਨ ਦੀ ਧਾਰਾ 14(ਬਰਾਬਰੀ ਦੇ ਅਧਿਕਾਰ) ਦੀ ੳਲੰਘਣਾ ਹੈ।ਮਨੁੱਖ ਕਈ ਪੜਾਵਾਂ ਵਿੱਚ ਵੰਡਿਆ ਹੋਇਆ ਹੈ।ਉਸ ਦੀ ਧਾਰਮਿਕ, ਕੌਮੀ, ਸੱਭਿਆਚਾਰ, ਭਾਸ਼ਾਈ, ਖੇਤਰੀ ਪਛਾਣ ਹੈ।ਬਹੁਗਿਣਤੀ ਨੂੰ ਕਿਸੇ ਘੱਟ ਗਣਤੀ ਦੀ ਪਛਾਣ ਤੇ ਆਪਣੀ ਪਛਾਣ ਜਬਰਦਸਤੀ ਨਹੀਂ ਥੋਪਣੀ ਚਾਹੀਦੀ।

