ਪਹਲਿਕਦਮੀ:- ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਹਲਕੇ ਦੇ ਉਮੀਦਵਾਰ ਇਕ ਮੰਚ ਤੇ ਹੋਏ ਇਕੱਠੇ
ਗ੍ਰੀਨ ਇਲੈਕਸ਼ਨ, ਆਰਗੈਨਿਕ ਡਿਬੇਟ:- ਵਾਤਾਵਰਣ ਮੱੁਦੇ ਤੇ ਹੋਏ ਇਕਜੁਟ ਸੁਲਤਾਨਪੁਰ ਲੋਧੀ ਦੇ ਉਮੀਦਵਾਰ
ਜੋ ਉਮੀਦਵਾਰ ਹੁਣ ਵੀ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਚੁੱਪ ਕਿ ਉਹ ਸਾਡੀ ਵੋਟ ਦੇ ਹੱਕਦਾਰ:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 15 ਫਰਵਰੀ (ਮਧੂਸਾਰ ਬਿਊਰੋ) ਵਾਤਾਵਰਣ ਦੇ ਸਾਰਥਿਕ ਮੁੱਦੇ ਤੇ ਪੰਜਾਬ ਦੇ ਪਾਣੀਆ ਨੂੰ ਬਚਾਉਣ ਲਈ ਹਲਕਾ ਸੁਲਤਾਨਪੁਰ ਲੋਧੀ ਦੇ 5 ਉਮੀਦਵਾਰਾਂ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਹਾਜ਼ਰੀ ਵਿਚ ਇਹ ਵਾਅਦਾ ਕੀਤਾ ਕਿ ਉਹ ਜੇਕਰ ਜਿੱਤ ਕੇ ਵਿਧਾਇਕ ਬਣਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਕੰਮ ਕਰਨਗੇ। ਪਵਿੱਤਰ ਕਾਲੀਂ ਵੇਈਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਹੋਏ ਇਕੱਠ ਦੌਰਾਨ ਹਲਕੇ ਦੇ ਸਾਰੇ ਉਮੀਦਵਾਰਾਂ ਨੂੰ ਲੋਕਾਂ ਦੇ ਜੀਵਨ ਨਾਲ ਜੁੜੇ ਅਹਿਮ ਮੁੱਦੇ ਵਾਤਾਵਰਣ ਤੇ ਬਣਾਈ ਗਈ ਰਣਨੀਤੀ ਬਾਰੇ ਆਪਣਾ ਪੱਖ ਰੱਖਣ ਲਈ ਸੱਦਾ ਦਿੱਤਾ ਗਿਆ ਸੀ। ਜਿਸ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ ਵਿੱਚੋਂ ਆਮ ਆਦਮੀ ਪਾਰਟੀ ਤੋਂ ਸੱਜਣ ਸਿੰਘ ਚੀਮਾ, ਅਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ, ਸੰਯੁਕਤ ਸਮਾਜ ਮੋਰਚੇ ਤੋਂ ਹਰਪ੍ਰਿਤਪਾਲ ਸਿੰਘ ਵਿਰਕ, ਇਨਸਾਨੀਅਤ ਲੋਕ ਵਿਕਾਸ ਪਾਰਟੀ ਕਿਸਾਨ ਦਲ ਵੱਲੋੋਂ ਸ. ਸਰਦੂਲ ਸਿੰਘ, ਸ੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜੁਗਰਾਜਪਾਲ ਸਿੰਘ ਸਾਹੀ ਹਾਜ਼ਰ ਹੋਏ। ਇਸ ਮੌਕੇ ਇਹਨਾਂ ਉਮੀਦਵਾਰਾਂ ਦਾ ਕਹਿਣਾ ਸੀ ਕਿ ਵਾਤਾਵਰਣ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਤੇ ਇਸ ਉਪਰ ਸੰਜ਼ੀਦਗੀ ਨਾਲ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਆਏ ਹੋਏ ਲੀਡਰਾਂ ਨੂੰ ਸੰਬੋਧਨ ਹੁੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਡਿਬੇਟ ਕਰਾਉਣ ਦਾ ਮਕਸਦ ਇਹੀ ਹੈ ਕਿ ਹੁਣ ਤੱਕ ਲੀਡਰਾਂ ਵੱਲੋਂ ਬਹੁਤ ਮੰਚਾਂ ਤੇ ਇਕੱਠੇ ਹੋ ਕੇ ਇਕ ਦੂਜੇ ਤੇ ਇਲਜ਼ਾਮ ਲਗਾਏ ਜਾਂਦੇ ਹਨ ਜਾਂ ਹੋਰ ਮੁੱਦਿਆਂ ਤੇ ਬਹਿਸ ਹੁੰਦੀ ਹੈ, ਪਰ ਅੱਜ ਤੱਕ ਕੋਈ ਵੀ ਉਮੀਦਵਾਰ ਲੋਕਾਂ ਦੀ ਜੀਵਨ ਨਾਲ ਜੁੜੇ ਮੱੁਦੇ ਤੇ ਕਦੇ ਵੀ ਇਕ ਮੰਚ ਤੇ ਇੱਕਠੇ ਹੋ ਕੇ ਲੋਕਾਂ ਵਿਚ ਖੁੱਲ੍ਹ ਕੇ ਨਹੀ ਬੋਲਦੇ। ਉਹਨਾਂ ਕਿਹਾ ਕਿ ਵਾਤਾਵਰਣ ਦਾ ਮੱੁਦਾ ਕਿਸੇ ਦਾ ਵੀ ਨਿੱਜੀ ਮੁੱਦਾ ਨਹੀ ਹੈ, ਸਗੋ ਇਹ ਲੋਕ ਮੁੱਦਾ ਹੈ ਕਿਉਂਕਿ ਸ਼ੁੱਧ ਹਵਾ, ਪਾਣੀ ਤੇ ਖੁਰਾਕ ਸਭ ਦੀਆਂ ਮੁੱਢਲੀਆਂ ਲੋੜਾਂ ਹਨ। ਉਹਨਾਂ ਕਿਹਾ ਕਿ ਜੋ ਉਮੀਦਵਾਰ ਹੁਣ ਵੀ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਗੰਭੀਰ ਨਹੀ ਹਨ ਕਿ ਉਹ ਸਾਡੀ ਵੋਟ ਦੇ ਹੱਕਦਾਰ ਹਨ।
ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਪਹਿਲੀ ਵਾਰ ਅਜ਼ਾਦ ਚੋਣ ਲੜ ਰਹੇ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸੇ ਨੇ ਵਾਤਾਵਰਣ ਦੇ ਮੱੁਦੇ ਦੀ ਗੱਲ ਕੀਤੀ। ਉਹਨਾਂ ਸੰਤ ਸੀਚੇਵਾਲ ਨੂੰ ਵਾਤਾਵਰਣ ਗੁਰੂ ਦੱਸਦਿਆ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਸੰਤ ਸੀਚੇਵਾਲ ਜੀ ਦੇ ਦੱਸੇ ਰਾਹ ਤੇ ਚੱਲਣਗੇ। ਜਦਕਿ ਸੱਜਣ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਾਡੇ ਪਾਰਟੀ ਦੇ ਪ੍ਰਧਾਨ ਸ. ਭਗਵੰਤ ਮਾਨ ਸਿੰਘ ਜੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਵਾਤਾਵਰਣ ਦਾ ਮਹਿਕਮਾ ਸੰਤ ਸੀਚੇਵਾਲ ਜੀ ਨੂੰ ਦੇਣਗੇ। ਉਹਨਾਂ ਕਿਹਾ ਕਿ ਉਹ ਖਿਡਾਰੀ ਹਨ ਤੇੇ ਸਾਫ ਵਾਤਾਵਰਣ ਦੀ ਕੀਮਤ ਨੂੰ ਸਮਝਦੇ ਹਨ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਵਿਚ ਸਤ੍ਹਾ ਵਿਚ ਆੳੇਂਦੀ ਹੈ ਤਾਂ ਉਹ ਪਹਿਲਾਂ ਕੰਮ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਤੇ ਨਦੀਆਂ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨਗੇ। ਇਨਸਾਨੀਅਤ ਲੋਕ ਵਿਕਾਸ ਪਾਰਟੀ ਕਿਸਾਨ ਦਲ ਦੇ ਉਮੀਦਵਾਰ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਵੇਈਂ ਵਿਚ ਪੈਰ ਰਹੇ ਗੰਦੇ ਪਾਣੀਆਂ ਨੂੰ ਆਪ ਮੂਹਰੇ ਹੋ ਕੇ ਬੰਦ ਕਰਨਗੇ। ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਕਿਨਾਰੇ ਲੱਗੇ ਟਰੀਟਮੈਂਟਾਂ ਪਲਾਂਟਾਂ ਨੂੰ ਪਹਿਲ ਦੇ ਅਧਾਰ ਤੇ ਚਲਾਉਣਗੇ ਤੇ ਸੋਧਿਆ ਪਾਣੀ ਖੇਤੀਂ ਨੂੰ ਲਗਾਉਣਗੇ। ਇਸ ਮੌਕੇ ਸਾਰੇ ਹੀ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਗਰੀਨ ਮਨੋਰਥ ਪੱਤਰ ਵਿਚ ਪੱੁਛੇ ਗਏ ਪ੍ਰਸ਼ਨਾਂ ਨੂੰ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਇਹਨਾਂ ਮੁੱਦਿਆਂ ਤੇ ਪਹਿਲ ਦੇ ਅਧਾਰ ਤੇ ਅੱਗੇ ਹੋੋ ਕੇ ਕੰਮ ਕਰਨਗੇ।
ਇਸ ਮੌਕੇ ਗਿਆਨੀ ਕੇਵਲ ਸਿੰਘ ਸਬਾਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸੰਤ ਅਮਰੀਕ ਸਿੰਘ ਖੁਖਰੈਣ, ਸ. ਕਾਹਨ ਸਿੰਘ ਪੰਨੂ, ਸੰਤ ਗੁਰਚਰਨ ਸਿੰਘ ਦਮਦਮਾ ਸਾਹਿਬ, ਸੰਤ ਸੁਖਵੰਤ ਸਿੰਘ ਨਾਹਲਾਂ, ਸੁਰਜੀਤ ਸਿੰਘ ਲੋਹੀਆਂ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਤੀਰਥ ਸਿੰਘ ਹੁੰਦਲ ਸਰਪੰਚ ਸ਼ੇਰਪੁਰ, ਕਸ਼ਮੀਰ ਸਿੰਘ ਦੰਦੂਪੁਰ, ਸਤਨਾਮ ਸਿੰਘ ਖੰਡਾ, ਗੁਰਦੀਪ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ, ਨੰਬਰਦਾਰਾਂ, ਨੌਜਵਾਨਾਂ ਤੇ ਸੂਝਵਾਨ ਲੋਕਾਂ ਵੱਲੋਂ ਪ੍ਰੋਗਰਾਮ ਵਿਚ ਹਾਜ਼ਰੀ ਭਰੀ ਗਈ।

