ਕੇਂਦਰ ਨਾਲ ‘ਸਾਂਝ’ ਨੇ ਬਦਲੇ ਸਮੀਕਰਨ,‘ਕੈਪਟਨ’ ਦੀ ‘ਗੇਮ’ ’ਚ ਉਲਝੇ ਵਿਰੋਧੀ !
ਪਸੰਦੀਦਾ ਉਮੀਦਵਾਰਾਂ ਨੂੰ ਭੁਗਤੇਗਾ ਸਿਆਸੀ ਪਾਰਟੀਆਂ ਦਾ ਪੱਕਾ ‘ਕੇਡਰ’
ਕੈਪਟਨ ਤੇ ਜੁਨੇਜਾ ਵਿਚਾਲੇ ਹੋਵੇਗਾ ਮੁਕਾਬਲਾ, ਸਾਬਕਾ ਮੇਅਰਾਂ ’ਚ ਕਾਂਟੇ ਦੀ ਟੱਕਰ !
ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ‘ਕੈਪਟਨ’ ਅਮਰਿੰਦਰ ਸਿੰਘ ਨੂੰ ਚੋਣ ਹਾਸ਼ੀਏ ਤੋਂ ਬਾਹਰ ਕਰਨ ਦਾ ਸੁਪਨਾ ਲੈ ਰਹੇ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰ ਇਕ ਵਾਰ ਫੇਰ ‘ਕੈਪਟਨ’ ਦੀ ‘ਗੇਮ’ ਵਿਚ ਉਲਝਕੇ ਰਹਿ ਗਏ ਹਨ ਕਿਉਂਕਿ ‘ਕੈਪਟਨ’ ਦੇ ਕੇਂਦਰ ਨਾਲ ਸਾਂਝ ਕਾਰਨ ਪੂਰੀ ਤਰ੍ਹਾਂ ਸਮੀਕਰਨ ਬਦਲੇ ਚੁੱਕੇ ਹਨ ਅਤੇ ਸ਼ਹਿਰੀ ਵੋਟਰ ਕਦੇ ਵੀ ਨਹੀਂ ਚਾਹੇਗਾ ਕਿ ‘ਪ੍ਰਨੀਤ ਕੌਰ’ ਤੱਕ ਰਹਿੰਦੀ ਖੂੰਹਦੀ ਪਹੁੰਚ ਵੀ ਸਮਾਪਤ ਹੋ ਜਾਵੇ।
ਵੱਖੋ-ਵੱਖੋ ਪਾਰਟੀਆਂ ਵੱਲੋਂ ਕੀਤੇ ਗਏ ਸ਼ਕਤੀ ਤੋਂ ਪ੍ਰਦਰਸ਼ਨ ਤੋਂ ਬਾਅਦ ਇਹ ਮੁਕਾਬਲਾ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਵਿਚਾਲੇ ਬਣਕੇ ਰਹਿ ਗਿਆ ਹੈ। ਦੂਜੇ ਪਾਸੇ ਪਟਿਆਲਾ ਦੇ ਦੋ ਸਾਬਕਾ ਮੇਅਰ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਅਤੇ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਵਿਚਾਲੇ ਕਾਂਟੇ ਦੀ ਟੱਕਰ ਹੁੰਦੀ ਨਜ਼ਰ ਆ ਰਹੀ ਹੈ। ਗੱਲ ਕਰੀਏ ਟੱਕਰ ਜਾਂ ਚੁਣੌਤੀ ਦੇਣ ਦੀ ਤਾਂ ਤਿੰਨੋਂ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਬੈਕਫੁੱਟ ’ਤੇ ਭੇਜਣ ਲਈ ਕਾਮਯਾਬ ਨਹੀਂ ਹੋ ਸਕਿਆ।
ਚਰਚਾਵਾਂ ਹਨ ਕਿ ‘ਕੈਪਟਨ’ ਸਿੰਘ ਹੀ ਏਸ ਵਾਰ ਤਿੰਨੋਂ ਖਾਨੇ ਚਿੱਤ ਕਰਕੇ ‘ਵਿਧਾਇਕ’ ਬਣਨ ’ਚ ਕਾਮਯਾਬ ਰਹਿ ਸਕਦੇ ਹਨ। ਭਾਵੇਂ ਕਾਂਗਰਸ ’ਚ ਬਾਹਰ ਹੋਣ ਕਾਰਨ ‘ਕੈਪਟਨ’ ਨੂੰ ਵੱਡਾ ਨੁਕਸਾਨ ਪੁੱਜਣ ਦੀਆਂ ਗੱਲਾਂ ਨੇ ਜ਼ੋਰ ਫੜਿਆ ਸੀ, ਪਰ ਆਖਿਰ ’ਚ ਕੈਪਟਨ ਦੀ ਸਿਆਸੀ ਚਾਲ ਅਤੇ ਭਾਜਪਾ ਨਾਲ ਹੋਏ ਗੱਠਜੋੜ ਤੋਂ ਬਾਅਦ ਸਮੀਕਰਨ ਫਿਰ ਬਦਲੇ ਅਤੇ ‘ਗੇਮ’ ਪੂਰੀ ਤਰ੍ਹਾਂ ਵਿਰੋਧੀ ਉਮੀਦਵਾਰਾਂ ਨੂੰ ਮਾਤ ਦੇ ਗਈ। ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਖੁੱਲ੍ਹਕੇ ‘ਕੈਪਟਨ’ ਖਿਲਾਫ਼ ਚੋਣ ਪ੍ਰਚਾਰ ਨਾ ਕਰਨਾ ਵੀ ਇਹ ਸਪੱਸ਼ਟ ਕਰਦਾ ਹੈ ਕਿ ਇਹ ਸਾਰੇ ਚਿਹਰੇ ਕਿਤੇ-ਨਾ ਕਿਤੇ ਵਪਾਰ ਨਾਲ ਜੁੜੇ ਹੋਏ ਹਨ ਅਤੇ ਉਹ ਕਦੇ ਵੀ ਨਹੀਂ ਚਾਹੁੰਣਗੇ ਕਿ ਮੋਤੀ ਮਹਿਲ ਨਾਲ ‘ਦੂਸ਼ਣਬਣੀ’ ਰੱਖੀ ਜਾਵੇ। ‘ਕੈਪਟਨ’ ਦੇ ਤਾਕਤ ’ਚ ਆਉਣ ਤੋਂ ਬਾਅਦ ਉਨ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਵੇ ਲੁਕਵੇਂ ਏਜੰਡੇ ਰੱਖਕੇ ਕੀਤੀ ਜਾ ਰਹੀ ਸਿਆਸਤ ਵੀ ਵਿਰੋਧੀ ਉਮੀਦਵਾਰਾਂ ’ਤੇ ਭਾਰੂ ਨਜ਼ਰ ਆ ਰਹੀ ਹੈ।
ਕੇਂਦਰ ਦੀ ਭਾਜਪਾ ਸਰਕਾਰ ਨਾਲ ‘ਸਾਂਝ’ ਤੋਂ ਬਾਅਦ ‘ਕੈਪਟਨ’ ਦਾ ਤਾਕਤ ’ਚ ਰਹਿਣਾ ਸੁਭਾਵਕ ਹੈ, ਜਿਸ ਦਾ ਅਸਰ ਸ਼ਹਿਰ ਦੇ ਵੋਟਰਾਂ ’ਤੇ ਵੀ ਪੈਂਦਾ ਨਜ਼ਰ ਆਇਆ ਕਿਉਂਕਿ ਉਹ ਕਦੇ ਵੀ ਨਹੀਂ ਚਾਹੁੰਣਗੇ ਕਿ ‘ਪ੍ਰਨੀਤ ਕੌਰ’ ਤੱਕ ਹੁੰਦੀ ਆਈ ਪਹੁੰਚ ਵੀ ਮੁਕ ਜਾਵੇ ਇਸ ਕਰਕੇ ਸੁਭਾਵਕ ਹੈ ਕਿ ਵੋਟਾਂ ਦੀ ‘ਗੰਗਾ’ ‘ਮੋਤੀ ਮਹਿਲ’ ਵੱਲ ਹੀ ਵਹੇਗੀ। ਭਾਜਪਾ ਦੇ ਵੱਡੇ ਚਿਹਰਿਆਂ ਵੱਲੋਂ ਕੈਪਟਨ ਦੇ ਹੱਕ ’ਚ ਚੋਣ ਪ੍ਰਚਾਰ ਕਰਨਾ ਅਤੇ ਦੂਜੇ ਪਾਸੇ ‘ਕਾਂਗਰਸ’ ਅਤੇ ‘ਅਕਾਲੀ ਦਲ’ ਉਮੀਦਵਾਰਾਂ ਦੇ ਹੱਕ ’ਚ ਵੱਡੇ ਚਿਹਰਿਆਂ ਦਾ ਆਪੋ ਆਪਣੇ ਹਲਕਿਆਂ ਤੱਕ ਸੀਮਤ ਰਹਿ ਜਾਣਾ ਨੁਕਸਾਨ ਦਾ ਕਾਰਨ ਬਣ ਸਕਦਾ, ਜਦਕਿ ਆਪ ਪਾਰਟੀ ਵੀ ਉਮੀਦਵਾਰ ਅਜੀਤਪਾਲ ਕੋਹਲੀ ਦੇ ਹੱਕ ’ਚ ਭਗਵੰਤ ਮਾਨ ਤੋਂ ਅੱਗੇ ਵਾਲਾ ਕੋਈ ਵੀ ਚਿਹਰਾ ਪੇਸ਼ ਨਹੀਂ ਕਰ ਸਕੀ ਅਤੇ ਇਹ ਗੱਲ ਵੀ ਵੋਟਰਾਂ ’ਚ ਰੜਕਦੀ ਵਿਖਾਈ ਦਿੱਤੀ। ਚਰਚਾਵਾਂ ’ਚੋਂ ਮਨ ਤਾਂ ਕਿਸੇ ਦਾ ਵੀ ਟੋਹਿਆ ਨਹੀਂ ਜਾ ਸਕਿਆ, ਅੰਤ ’ਚ ਇਹੋ ਸਾਹਮਣੇ ਆਇਆ ਕਿ ‘ਆਪ’ ਪਾਰਟੀ ਲੋਕਾਂ ਦੀਆਂ ਗੱਲਾਂ ਤੇ ਬੁੱਲਾਂ ਤੱਕ ਚਰਚਾ ਦਾ ਵਿਸ਼ਾ ਤਾਂ ਬਣੀ, ਪਰ ਮਨ ਤੱਕ ਪਹੁੰਚਣ ’ਚ ਅਜੇ ਵੀ ਸਫਲ ਹੁੰਦੀ ਵਿਖਾਈ ਨਹੀਂ ਦਿੱਤੀ, ਕਾਰਨ ‘ਕਾਂਗਰਸ’, ਭਾਜਪਾ ਅਤੇ ਅਕਾਲੀ ਦਲ ਕੋਲ ਪੱਕਾ ਕੇਡਰ ਦਾ ਹੋਣਾ ਹੈ ਅਤੇ ਏਸ ਵਾਰ ਵੀ ਸਿਆਸੀ ਪਾਰਟੀਆਂ ਦਾ ਪੱਕਾ ‘ਕੇਡਰ’ ਆਪੋ-ਆਪਣੀਆਂ ਪਸੰਦੀਦਾ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹੀ ਭੁਗਤੇਗਾ।

