ਸਿੱਖਸ ਫਾਰ ਜਸਟਿਸ ਵੱਲੋਂ ‘ਆਪ’ ਦੀ ਹਮਾਇਤ ਖਤਰਨਾਕ: ਕੈਪਟਨ ਅਮਰਿੰਦਰ
ਪਟਿਆਲਾ, 19 ਫਰਵਰੀ (ਮਧੂਸਾਰ ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਸਿੱਖਸ ਫਾਰ ਜਸਟਿਸ ਵੱਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਖੁੱਲ੍ਹਾ ਸਮਰਥਨ ਦੇਣਾ ਪੰਜਾਬ ਲਈ ਖਤਰਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਵਿੱਚੋਂ ਪੰਜਾਬ ਨੂੰ ਤਿੰਨ ਦਹਾਕਿਆਂ ਵਿੱਚ ਗੁਜ਼ਰਨਾ ਪਿਆ ਅਤੇ ਇਨ੍ਹਾਂ ਨੂੰ ਮੁੜ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਨੂ ਅਤੇ ਕੇਜਰੀਵਾਲ ਦੇ ਸਬੰਧਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਿਸੇ ਸਿੱਟੇ ‘ਤੇ ਪਹੁੰਚਾਉਣ ਦੀ ਮੰਗ ਕੀਤੀ ਹੈ।
ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੂੰ ਵੰਡਣ ਅਤੇ ਨੁਕਸਾਨ ਪਹੁੰਚਾਉਣ ਵਾਲੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਐਸਐਫਜੇ ਦਾ ਸਮਰਥਨ ਇਸਦਾ ਸਬੂਤ ਹੈ।
ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ 2017 ਦੀਆਂ ਚੋਣਾਂ ਦੌਰਾਨ ਵੀ ਕੇਜਰੀਵਾਲ ਨੇ ਖਾਲਿਸਤਾਨੀ ਸਮਰਥਕ ਦੇ ਘਰ ਰਹਿ ਕੇ ਅਜਿਹਾ ਹੀ ਕੀਤਾ ਸੀ।
ਜਦੋਂ ਕਿ ਐਸ.ਐਫ.ਜੇ ਆਗੂ ਪੰਨੂ ਵਲੋਂ ‘ਆਪ’ ਅਤੇ ਕੇਜਰੀਵਾਲ ਦੇ ਸਮਰਥਨ ‘ਚ ਕੋਈ ਪੱਤਰ ਲਿਖਣ ਤੋਂ ਇਨਕਾਰ ਕਰਨ ਬਾਰੇ, ਉਨ੍ਹਾਂ ਕਿਹਾ ਕਿ ਇਸ ਤੋਂ ਇਕ ਵਾਰ ਫਿਰ ਤੋਂ ਸਾਬਤ ਹੁੰਦਾ ਹੈ ਕਿ ਦੋਵੇਂ (ਪੰਨੂ ਅਤੇ ਕੇਜਰੀਵਾਲ) ਰਲੇ-ਮਿਲੇ ਹਨ ਅਤੇ ਪੰਨੂ ਇਨ੍ਹਾਂ (ਕੇਜਰੀਵਾਲ) ਦੀਆਂ ਲੋੜਾਂ ਮੁਤਾਬਕ ਬਿਆਨ ਜਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਨੂ ਉਸੇ ਤਰ੍ਹਾਂ ਬਿਆਨ ਜਾਰੀ ਕਰਦਾ ਹੈ, ਜੋ ਕੇਜਰੀਵਾਲ ਨੂੰ ਢੁੱਕਦਾ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸੱਚਮੁੱਚ ਐਸ.ਐਫ.ਜੇ ਦੀ ਹਮਾਇਤ ਨਹੀਂ ਮੰਗਦੇ ਜਾਂ ਦੇਣ ਨਹੀਂ ਤਾਂ ਘੱਟੋ-ਘੱਟ ਐਸ.ਐਫ.ਜੇ ਅਤੇ ਪੰਨੂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਤੁਹਾਡੇ ਅੰਡੜ ਖਾਲਿਸਤਾਨ ਵਿਰੋਧੀ ਅਤੇ ਪੰਨੂ ਦੀਆਂ ਗਤੀਵਿਧੀਆਂ ਨੂੰ ਖਾਰਿਜ ਕਰਨ ਦੀ ਹਿੰਮਤ ਹੈ।

