ਪੰਜਾਬ

ਕੋਲਕਾਤਾ ਵਿੱਚ ਸੰਤ ਸੀਚੇਵਾਲ ‘ਵਿਵੇਕਾਨੰਦ ਸੇਵਾ ਸਨਮਾਨ’ ਨਾਲ ਸਨਮਾਨਿਤ

ਬੜਾ ਬਜ਼ਾਰ ਕੁਮਾਰ ਸਭਾ ਪੁਸਤਕਾਲਯਾ ਵੱਲੋਂ ਕੀਤਾ ਗਿਆ ਸਨਮਾਨ ਸਮਾਗਮ

ਸਾਡੀ ਨਕਾਰਾਤਮਕ ਸੋਚ ਹੀ ਸਮੱਸਿਆਵਾਂ ਦੀ ਜੜ੍ਹ: ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 27 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਸ਼੍ਰੀ ਬੜਾ ਬਜ਼ਾਰ ਕੁਮਾਰ ਸਭਾ ਪੁਸਤਕਾਯਲਾ ਵੱਲੋਂ 36ਵਾਂ ਵਿਵੇਕਾਨੰਦ ਸੇਵਾ ਸਨਮਾਨ-2022 ਇਸ ਵਾਰ ਪੰਜਾਬ ਦੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦਿੱਤਾ ਗਿਆ। ਇਸ ਵਿੱਚ ਸਨਮਾਨ ਪੱਤਰ ਤੇ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਿਲ ਹੈ। ਇਹ ਸਨਮਾਨ ਰਾਵਿੰਦਰ ਨਾਥ ਟੈਗੋਰ ਦੇ ਜਨਮ ਅਸਥਾਨ ਠਾਕੁਰਬਾੜੀ ਵਿੱਚ ਹੋਏ ਸਮਾਗਮ ਦੌਰਾਨ ਕੇਂਦਰੀ ਰਾਜ ਸਿੱਖਿਆ ਮੰਤਰੀ ਡਾ: ਸੁਭਾਸ਼ ਸਰਕਾਰ ਨੇ ਦਿੱਤਾ। ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੋਕ ਭਲਾਈ ਤੇ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਬੁਲਾਰਿਆ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਛਰਨਛੋਹ ਪ੍ਰਾਪਤ 165 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਨੂੰ ਮੁੜ ਨਿਰਮਲ ਧਾਰਾ ਵਿੱਚ ਬਦਲ ਕੇ ਬਹੁਤ ਹੀ ਪ੍ਰੇਰਨਾਦਾਇਕ ਕੰਮ ਕੀਤਾ ਹੈ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕਠ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੰਗਤਾਂ ਨੂੰ ਨਾਲ ਲੈਕੇ ਪਾਣੀ ਦੇ ਇਸ ਕੁਦਰਤੀ ਸੋਮੇ ਕਾਲੀ ਵੇਈਂ ਨੂੰ ਸਾਫ ਕਰਨ ਦਾ ਕਾਰਜ ਆਰੰਭਿਆ ਸੀ ਤਾਂ ਉਦੋਂ ਉਨ੍ਹਾਂ ਨਾਲ ਨਾ ਤਾਂ ਪ੍ਰਸ਼ਾਸ਼ਨ ਸੀ ਤੇ ਨਾ ਹੀ ਉਨ੍ਹਾਂ ਕੋਲ ਵੱਡਾ ਬਜਟ ਸੀ। ਉਨ੍ਹਾਂ ਦੱਸਿਆ ਕਿ ਗੰਗਾ ਨੂੰ ਸਾਫ਼ ਕਰਨਾ ਹੈ ਤਾਂ ਇਸ ਵਿੱਚ ਪੈ ਰਹੀ ਹਰ ਤਰ੍ਹਾਂ ਦੀ ਗੰਦਗੀ ਨੂੰ ਰੋਕਣਾ ਪਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਦੀ ਸਿੱਧੀ ਸ਼ਾਮੂਲੀਅਤ ਤੋਂ ਬਿਨ੍ਹਾਂ ਕੋਈ ਵੀ ਸਾਂਝਾ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। ਉਹਨਾਂ ਹਿਾ ਕਿ ਸਾਡੀ ਤਰਾਸਦੀ ਇਹ ਹੈ ਕਿ ਅਸੀਂ ਪੀਣ ਵਾਲੇ ਪਾਣੀ ਨੂੰ ਖੇਤਾਂ ਵਿੱਚ ਵਹਾ ਰਹੇ ਹਾਂ ਅਤੇ ਗੰਦਾ ਪਾਣੀ ਦਰਿਆਵਾਂ ਵਿੱਚ ਪਾ ਕੇ ਉਹਨਾਂ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਾਂ। ਇਸ ਦਾ ਸੁਧਾਰ ਸਮੇਂ ਦੀ ਲੋੜ ਹੈ; ਸਾਨੂੰ ਬਜਾਏ ਅਲੋਚਨਾ ਕਰਨ ਦੇ ਬਦਲ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਕੁਮਾਰਸਭਾ ਲਾਇਬ੍ਰੇਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਾਡਾ ਨਹੀਂ ਸਗੋਂ ਸਮੁੱਚੀ ਸਮਰਪਿਤ ਸੰਗਤ ਤੇ ਸੇਵਾਦਾਰਾਂ ਦਾ ਸਨਮਾਨ ਹੈ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਨਦੀਂ ਨੂੰ ਸਾਫ਼ ਕਰਕੇ ਜਿਹੜੀ ਉਦਾਹਰਣ ਸਥਾਪਿਤ ਕੀਤੀ ਹੈ ਉਸ ਤੋਂ ਸੇਧ ਲੈਕੇ ਪਾਣੀ ਦੇ ਕੁਦਰਤੀ ਸੋਮਿਆ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਸਿੱਖਿਆ, ਸਿਹਤ, ਵਾਤਾਵਰਣ ਤੇ ਸੜਕਾਂ ਬਣਾਉਣ ਦਾ ਜੋ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਹੀ ਨਹੀਂ ਸਗੋਂ ਮਿਸਾਲੀ ਵੀ ਹੈ। ਇਸ ਮੌਕੇ ਮਹਾਂਵੀਰ ਬਜਾਜ, ਬਚਨ ਸਿੰਘ ਸਰਲ, ਬਲਬੀਰ ਸਿੰਘ ਬਿਿਲੰਗ, ਗੋਪਾਲ ਦੱਤ ਤੇ ਹੋਰ ਸਿੱਖ ਭਾਈਚਾਰੇ ਦੇ ਆਗੂਆਂ ਨੇ ਵੀ ਇਸ ਸਮਾਗਮ ਵਿੱਚ ਸ਼ਾਮੂਲੀਅਤ ਕੀਤੀ।

ਬਾਕਸ ਆਈਟਮ:- ਸੰਤ ਸੀਚੇਵਾਲ ਨੇ ਕਿਹਾ ਕਿ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਪੰਜ ਸੂਬਿਆਂ ਦੇ ਸਰਪੰਚਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਪੱਛਮੀ ਬੰਗਾਲ ਦੇ ਉਹ ਪਿੰਡ ਵੀ ਸ਼ਾਮਿਲ ਸਨ ਜਿਹੜੇ ਗੰਗਾ ਕਿਨਾਰੇ ਵੱਸੇ ਹੋਏ ਹਨ। ਕੇਂਦਰ ਸਰਕਾਰ ਨੇ ਗੰਗਾ ਦੀ ਸਫਾਈ ਸ਼ੁਰੂ ਕਰਨ ਲਈ 20 ਹਾਜ਼ਰ ਕਰੋੜ ਰੁਪਏ ਦਾ ਬੱਜਟ ਰੱਖਿਆ ਹੋਇਆ ਸੀ ਪਰ ਜੇਕਰ ਗੰਗਾ ਕਿਨਾਰੇ ਦੇ ਪਿੰਡਾਂ ਨੂੰ ਹੀ ਸਰਕਾਰ ਸਹੀ ਤਰੀਕੇ ਨਾਲ ਦੋ ਹਾਜ਼ਾਰ ਕਰੋੜ ਰੁਪਏ ਹੀ ਲਗਾ ਦਿੰਦੀ ਤਾਂ ਉਨ੍ਹਾਂ ਦਾ ਗੰਦਾ ਪਾਣੀ ਗੰਗਾ ਵਿੱਚ ਨਹੀਂ ਸੀ ਪੈਣਾ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਸੋਧ ਕੇ ਖੇਤੀ ਨੂੰ ਲਾਇਆ ਜਾਵੇ ਤਾਂ ਇਸ ਨਾਲ ਬਹੁਤ ਸਾਰੇ ਫਾਇਦੇ ਹੋਣਗੇ। ਪੰਜਾਬ ਵਿੱਚ ਉਨ੍ਹਾ ਨੇ ਅਜਿਹਾ ‘ਸੀਚੇਵਾਲ ਮਾਡਲ’ ਰਾਹੀਂ ਕਰਕੇ ਵੀ ਦਿਖਾਇਆ ਹੈ।

Leave a Reply

Your email address will not be published. Required fields are marked *