ਪਟਿਆਲਾ

ਕੌਮਾਂਤਰੀ ਔਰਤ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਮਾਗਮਾਂ ਦੀ ਲੜੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੌਮਾਂਤਰੀ ਔਰਤ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਮਾਗਮਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ 8 ਮਾਰਚ ਤੋਂ 17 ਮਾਰਚ 2022 ਤੱਕ 10 ਸਮਾਗਮ ਕਰਵਾਏ ਜਾਣੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ 8 ਮਾਰਚ 2022 ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇੱਕ ਰੈਲੀ ਨਾਲ ਹੋਣੀ ਹੈ। ਲਿੰਗਕ ਬਰਾਬਰੀ ਅਤੇ ਔਰਤਾਂ ਖਿ਼ਲਾਫ਼ ਹੋਣ ਵਾਲੇ ਅਪਰਾਧਾਂ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੀ ਜਾਣ ਵਾਲੀ ਇਸ ਰੈਲੀ ਵਿੱਚ ਵਿਦਿਆਰਥੀ ਅਤੇ ਕਰਮਚਾਰੀ ਭਾਗ ਲੈਣਗੇ। ਇਹਰੈਲੀ ਨਾਰੀ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਾਨੂੰਨ ਵਿਭਾਗ, ਵਿਹਾਰਕ ਪ੍ਰਬੰਧਨ ਯੂਨੀਵਰਸਿਟੀ ਸਕੂਲ, ਯੂ.ਜੀ.ਸੀ.-ਐੱਚ.ਆਰ.ਡੀ. ਸੈਂਟਰ, ਥੀਏਟਰ ਅਤੇ ਟੀਵੀ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਸਹਿਯੋਗ ਨਾਲ ਕੱਢੀ ਜਾਣੀ ਹੈ ਜੋ ਆਰਟਸ ਬਲਾਕ ਨੰਬਰ ਇੱਕ ਤੋਂ ਕਲਾ ਭਵਨ ਤੱਕ ਜਾਵੇਗੀ।
ਰੈਲੀ ਉਪਰੰਤ ਕਲਾ ਭਵਨ ਵਿੱਚ ਔਰਤਾਂ ਦੇ ਮਸਲਿਆਂ ਉੱਤੇ ਕੇਂਦਰਿਤ ਇੱਕ ਨਾਟਕ ‘ਇਤਨੀ ਭੀ ਕਯਾ ਜਲਦੀ ਹੈ’ ਦੀ ਪੇਸ਼ਕਾਰੀ ਹੋਣੀ ਹੈ।

ਇਸ ਉਪਰੰਤ ਮੁੱਖ ਮਹਿਮਾਨ ਵਜੋਂ ਸ਼ਾਮਿਲ ‘ਬੇਖ਼ੌਫ਼ ਆਜ਼ਾਦੀ’ ਸੰਸਥਾ ਦੇ ਕਨਵੀਨਰ ਅਰਪਣ ਵੱਲੋਂ ਵਿਸ਼ੇ ਨਾਲ ਸੰਬੰਧਤ ਆਪਣੇ ਵਿਚਾਰ ਪ੍ਰਗਟਾਏ ਜਾਣੇ ਹਨ।
ਇਸ ਮੌਕੇ ਸਮਾਜ ਵਿਗਿਆਨ ਵਿਭਾਗ ਤੋਂ ਡਾ. ਕਿਰਨ ਵੱਲੋਂ ਐੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ ਵੱਖਰੀ ਅਤੇ ਵਿਸ਼ੇਸ਼ ਕਾਬਲੀਅਤ ਰੱਖਣ ਵਾਲੀਆਂ ਕੁੱਝ ਔਰਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਜਿਨਸੀ ਛੇੜਛਾੜ ਰੋਕਥਾਮ ਸੈੱਲ ਦੇ ਚੇਅਰਪਰਸਨ ਡਾ. ਨਰਿੰਦਰ ਮੁਲਤਾਨੀ ਦੀ ਅਗਵਾਈ ਵਿੱਚ ਦੋ ਮਾਹਿਰਾਂ ਦੇ ਵਿਸ਼ੇਸ਼ ਭਾਸ਼ਣ ਕਰਵਾਏ ਜਾਣਗੇ। ਪਹਿਲਾ ਭਾਸ਼ਣ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪਰਮਿੰਦਰ ਕੌਰ ਵੱਲੋਂ ਹੋਵੇਗਾ ਜਿਸ ਵਿੱਚ ਨੌਕਰੀ ਜਾਂ ਕੰਮ ਕਾਜ ਵਾਲ਼ੀਆਂ ਥਾਵਾਂ ਉੱਪਰ ਔਰਤਾਂ ਦੇ ਕਾਨੂੰਨੀ ਹੱਕਾਂ ਅਤੇ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਣਾ ਹੈ। ਦੂਜਾ ਭਾਸ਼ਣ ਡਾ. ਕਿਰਨਜੋਤ ਉੱਪਲ ਵੱਲੋਂ ਹੋਵੇਗਾ ਜਿਸ ਵਿੱਚ ਔਰਤਾਂ ਦੀ ਸਿਹਤ ਸੰਬੰਧੀ ਮਾਮਲਿਆਂ ਬਾਰੇ ਜਾਗਰੂਕ ਕੀਤਾ ਜਾਣਾ ਹੈ।

ਬਾਅਦ ਦੁਪਹਿਰ ਚਾਰ ਵਜੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਆਡੀਟੋਰੀਅਮ ਵਿਖੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਪ੍ਰਸਿੱਧ ਚਿੱਤਰਕਾਰ ਕੰਵਲ ਧਾਲੀਵਾਲ ਨਾਲ ਸੰਵਾਦ ਰਚਾਇਆ ਜਾਣਾ ਹੈ। ਸ਼ਾਮ ਨੂੰ ਪੰਜ ਤੋਂ ਛੇ ਵਜੇ ਦਰਮਿਆਨ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਪ੍ਰੋ. ਅਨੁਪਮਾ ਦੀ ਅਗਵਾਈ ਵਿੱਚ ਵੈਬੀਨਾਰ ਆਯੋਜਿਤ ਕੀਤਾ ਜਾਣਾ ਹੈ। ਇਸ ਵੈਬੀਨਾਰ ਵਿੱਚ ਡਾ. ਪੈਮ ਰਾਜਪੂਤ ਅਤੇ ਡਾ. ਨੈਨਾ ਸ਼ਰਮਾ ਆਪਣੇ ਵਿਚਾਰ ਪ੍ਰਗਟ ਕਰਨਗੇ। ਇਹ ਵੈਬੀਨਾਰ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲਿੰਗ ਸੈੱਲ ਤੋਂ ਕੌਂਸਲ ਡਾ. ਰੂਬੀ ਗੁਪਤਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਅਗਲੇ ਦਿਨ 9 ਮਾਰਚ 2022 ਨੂੰ ਸ਼ਾਮ ਛੇ ਤੋਂ ਅੱਠ ਵਜੇ ਤੱਕ ਸੰਗੀਤ ਵਿਭਾਗ ਵੱਲੋਂ ਪ੍ਰੋ. ਨਿਵੇਦਿਤਾ ਉੱਪਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਣਾ ਹੈ ਜੋ ਕਿ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਨੂੰ ਸਮਰਪਿਤ ਹੋਵੇਗਾ। 17 ਮਾਰਚ 2022 ਨੂੰ ਪੰਜਾਬੀ ਯੂਨੀਵਰਸਿਟੀ ਦੇ ਗ਼ੈਰ ਅਧਿਆਪਨ ਕਰਮਚਾਰੀਆਂ ਦੇ ਲੇਡੀਜ਼ ਕਲੱਬ ‘ਏਕ ਉਡਾਨ’ ਵੱਲੋਂ ਕਲਾ ਭਵਨ ਵਿਖੇ 11 ਵਜੇ ਤੋਂ 2 ਵਜੇ ਤੱਕ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਣਾ ਹੈ।

Leave a Reply

Your email address will not be published. Required fields are marked *