ਪਟਿਆਲਾ

ਕੌਮਾਂਤਰੀ ਪੱਧਰ ਦੀ ਲੇਖਿਕਾ ਅਰੁੰਧਤੀ ਰਾਏ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ

ਪਟਿਆਲਾ (ਮਧੂਸਾਰ ਬਿਊਰੋ) ਕੌਮਾਂਤਰੀ ਪੱਧਰ ਦੀ ਲੇਖਿਕਾ ਅਰੁੰਧਤੀ ਰਾਏ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪਹੁੰਚ ਰਹੇ ਹਨ।ਕੌਮਾਂਤਰੀ ਔਰਤ ਦਿਹਾੜੇ ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪ੍ਰੋਗਰਾਮਾਂ ਦੀ ਲੜੀ ਦਾ ਸਿਖ਼ਰ ਇਸ ਪ੍ਰਸਿੱਧ ਕੌਮਾਂਤਰੀ ਲੇਖਕ ਅਤੇ ਸਰਗਰਮ ਕਾਰਕੁਨ ਅਰੁੰਧਤੀ ਰਾਏ ਨਾਲ ਰਚਾਏ ਜਾਣ ਵਾਲੇ ਸੰਵਾਦ ਨਾਲ ਹੋਣ ਜਾ ਰਿਹਾ ਹੈ। ਯੂਨੀਵਰਸਿਟੀ ਦੇ ਸੰਨੀ ਓਬਰੋਇ ਆਰਟਸ ਆਡੀਟੋਰੀਅਮ ਵਿੱਚ ਉਨ੍ਹਾਂ ਨਾਲ ਇਹ ਸੰਵਾਦ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਡਾਇਰੈਕਟਰ ਦਲਜੀਤ ਅਮੀ ਵਲੋਂ ਰਚਾਇਆ ਜਾਣਾ ਹੈ। ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ, ਈ.ਐੱਮ.ਆਰ.ਸੀ., ਥੀਏਟਰ ਅਤੇ ਟੀਵੀ ਵਿਭਾਗ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਜਾਣਾ ਵਾਲਾ ਇਹ ਸਮਾਗਮ 17 ਮਾਰਚ ਨੂੰ 2.30 ਵਜੇ ਬਾਅਦ ਦੁਪਹਿਰ ਸ਼ੁਰੂ ਹੋਵੇਗਾ।

ਮੇਘਾਲਿਆ ਦੇ ਸਿ਼ਲੌਂਗ ਵਿੱਚ ਜਨਮੇ ਅਰੁੰਧਤੀ ਰਾਏ ਦਾ ਕੌਮਾਂਤਰੀ ਪੱਧਰ ਉੱਤੇ ਨਾਮ ਹੈ। ਬੁਨਿਆਦੀ ਤੌਰ ਉੱਤੇ ਆਰਕੀਟੈਕਟ ਦੇ ਪੇਸ਼ੇ ਤੋਂ ਸ਼ੁਰੂਆਤ ਕਰਨ ਵਾਲੇ ਅਰੁੰਧਤੀ ਆਪਣੀ ਪ੍ਰਭਾਵਸ਼ਾਲੀ ਲੇਖਣੀ ਅਤੇ ਬੇਬਾਕ ਸ਼ਖ਼ਸੀਅਤ ਨਾਲ ਸਮਾਜ ਵਿਚਲੀਆਂ ਹਾਸ਼ੀਆਗਤ ਧਿਰਾਂ ਦੀ ਆਵਾਜ਼ ਬਣਨ ਲਈ ਪ੍ਰਸਿੱਧ ਹਨ। ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਉਪਲੱਬਧੀਆਂ ਹਾਸਿਲ ਹਨ। ਉਨ੍ਹਾਂ ਵੱਲੋਂ ਲਿਖੇ ਪਹਿਲੇ ਹੀ ਨਾਵਲ ‘ਦਾ ਗੌਡ ਆਫ਼ ਸਮਾੱਲ ਥਿੰਗਜ਼’ ਨੂੰ 1997 ਵਿੱਚ ਬੁੱਕਰ ਐਵਾਰਡ ਹਾਸਿਲ ਹੋ ਚੁੱਕਾ ਹੈ। ਇਸ ਨਾਵਲ ਨੇ ਵਿੱਕਰੀ ਪੱਖੋਂ ਵੀ ਸੰਸਾਰ ਦੇ ਵੱਖ-ਵੱਖ ਦੇਸਾਂ ਵਿੱਚ ‘ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ’ ਵਿੱਚ ਆਪਣਾ ਨਾਮ ਸ਼ੁਮਾਰ ਕੀਤਾ ਸੀ। ਉਨ੍ਹਾਂ ਵੱਲੋਂ ਲਿਖਿਤ ਦੂਜਾ ਨਾਵਲ ‘ਦਿ ਮਨਿਸਟਰੀ ਆਫ਼ ਅਟਮੋਸਟ ਹੈਪੀਨੈੱਸ’ ਹੁਣ ਤੱਕ ਤਕਰੀਬਨ 60 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਇਸ ਨਾਵਲ ਨੂੰ 2018 ਦੌਰਾਨ ‘ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਐਵਾਰਡ’ ਲਈ ਫ਼ਾਈਨਲਿਸਟ ਸ਼੍ਰੇਣੀ ਵਿੱਚ ਜਾਣ ਦਾ ਵੀ ਮਾਣ ਹਾਸਿਲ ਹੈ।

ਜਿ਼ਕਰਯੋਗ ਹੈ ਕਿ ਪੰਜਾਬੀ ਵਿੱਚ ਦਲਜੀਤ ਅਮੀ ਵੱਲੋਂ ਉਨ੍ਹਾਂ ਦੇ ਇਸ ਦੂਜੇ ਨਾਵਲ ‘ਦਾ ਮਿਨਿਸਟਰੀ ਅਫ਼ ਅਟਮੋਸਟ ਹੈਪੀਨੈੱਸ’ ਦਾ ਅਨੁਵਾਦ ਕਰ ਕੇ ‘ਦਰਬਾਰਿ ਏ ਖੁਸ਼ੀਆਂ ਬੇਪਨਾਹ’ ਨਾਮ ਹੇਠ ਪ੍ਰਕਾਸਿ਼ਤ ਕੀਤਾ ਗਿਆ ਹੈ ਜਿਸ ਨੇ ਪਾਠਕਾਂ ਅਤੇ ਸਮੀਖਿਅਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਹੈ। ਗਲਪ ਲੇਖਣੀ ਤੋਂ ਇਲਾਵਾ ਉਹ ਵੱਖ-ਵੱਖ ਸਮੇਂ ਤਤਕਾਲੀ ਅਤੇ ਭਖ਼ਦੇ ਮੁੱਦਿਆਂ ਉੱਪਰ ਲਿਖੇ ਆਪਣੇ ਲੇਖਾਂ ਅਤੇ ਦਿੱਤੇ ਗਏ ਬੇਬਾਕ ਭਾਸ਼ਣਾਂ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਲਿਖੇ ਤਤਕਾਲੀ ਮੁੱਦਿਆਂ ਉੱਪਰਲੇ ਅਜਿਹੇ ਲੇਖਾਂ ਨੂੰ ਸੰਸਾਰ ਪ੍ਰਸਿੱਧ ਪ੍ਰਕਾਸ਼ਨ ‘ਪੈਨਗੁਇਨ’ ਵੱਲੋਂ 2014 ਦੌਰਾਨ ਪੰਜ ਜਿਲਦਾਂ ਵਿੱਚ ਪ੍ਰਕਾਸਿ਼ਤ ਕੀਤਾ ਗਿਆ ਸੀ। ਹੁਣ ਇਹ ਸਾਰਾ ਕਾਰਜ ਇੱਕ ਜਿਲਦ ਵਿੱਚ ਉਪਲਬਧ ਹੈ। ਆਪਣੀ ਪੜਚੋਲੀਆ ਅਤੇ ਬੇਬਾਕ ਸ਼ੈਲੀ ਕਾਰਨ ਕਾਰਨ ਉਹ ਅਕਸਰ ਹੀ ਤਿੱਖੀ ਆਲੋਚਨਾ ਦਾ ਸਿ਼ਕਾਰ ਵੀ ਹੁੰਦੇ ਰਹੇ ਹਨ। ਫਿ਼ਲਮ ਲੇਖਣੀ ਵਿੱਚ ਵੀ ਉਨ੍ਹਾਂ ਨੂੰ 1988 ਦੌਰਾਨ ‘ਇਨ ਵਿਚ ਐਨੀ ਗਿਵਜ਼ ਇਟ ਦੋਜ਼ ਵਨਜ਼’ ਲਈ ਸਰਵੋਤਮ ਸਕਰੀਨ-ਪਲੇਅ ਰਚਣ ਕਾਰਨ ਨੈਸ਼ਨਲ ਐਵਾਰਡ ਵੀ ਹਾਸਿਲ ਹੋ ਚੁੱਕਿਆ ਹੈ। ਇਸ ਖੇਤਰ ਵਿੱਚ ਉਹ ਆਪਣੇ ਲਿਖੇ ਟੀਵੀ ਸੀਰੀਅਲ ‘ਦਾ ਬਨਾਇਨ ਟ੍ਰੀਅ’ ਅਤੇ ‘ਡੈਮ/ਏਜ : ਅ ਫਿ਼ਲਮ ਵਿਦ ਅਰੁੰਧਤੀ ਰਾਏ ਨਾਲ ਵੀ ਜਾਣੇ ਜਾਂਦੇ ਹਨ।

Leave a Reply

Your email address will not be published. Required fields are marked *