ਦੇਸ਼-ਵਿਦੇਸ਼ਪੰਜਾਬਪਟਿਆਲਾਲੇਖ

ਝੂਠ ਬੋਲੇ ਕਊਆ ਕਾਟੇ : ‘ਸੁਖਬੀਰ ਸਿਆਂ’ ਪਾਰਟੀ ਦਾ ਕੀ ਬਣਿਆ?

2022 ਦੀਆਂ ਚੋਣਾਂ ’ਚ ਵੀ ਸ਼ੋ੍ਰਮਣੀ ਅਕਾਲੀ ਦਲ ਨਹੀਂ ਹਾਰਿਆ, ਬਲਕਿ ‘ਆਪ’ ਦੀ ਪਰਲੋ ’ਚ ਅਕਾਲੀ ਸਿਆਸਤਦਾਨ ਹਾਰੇ ਹਨ। ਸ਼ਾਇਦ ਇਹ ਚਰਚਾ ਅਕਾਲੀ ਦਲ ਦੀਆਂ ਹੁਣ ਹੋ ਰਹੀਆਂ ਸਰਗਰਮ ਮੀਟਿੰਗਾਂ ’ਚ ਹੋ ਰਹੀ ਹੋਵੇਗੀ, ਪਰ ਨਾਲੋਂ ਨਾਲ ਇਹ ਚਰਚਾ ਵੀ ਚੱਲ ਰਹੀ ਹੈ ਕਿ ਕੀ ਅਕਾਲੀ ਦਲ ਹਾਰ ਤੋਂ ਸਬਕ ਲੈ ਰਿਹਾ? ਅਸਤੀਫੇ ਦੀ ਪੇਸ਼ਕਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਪ੍ਰਵਾਨ ਕਿਉਂ ਨਹੀਂ ਹੁੰਦਾ? ਸਰਗਰਮ ਚਰਚਾ ਦੌਰਾਨ ਜ਼ਿਕਰ ਹੁੰਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੀ 10 ਸਾਲ ਲਗਾਤਾਰ ਸਰਕਾਰ ਰਹੀ। ਉਸ ਸਮੇਂ ਦੌਰਾਨ ਬੇਅਦਬੀ ਘਟਨਾਵਾਂ ਵਾਪਰੀਆਂ। ਏਨਾ ਘਟਨਾਵਾਂ ਪ੍ਰਤੀ ਵੱਡਾ ਵਿਦਰੋਹ ਅਕਾਲੀ ਸਰਕਾਰ ਪ੍ਰਤੀ ਉਠਿਆ ਅਤੇ ਵੱਡੀ ਜੱਦੋ ਜਹਿਦ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰ ਚਲਾਉਣ ਵਾਲੇ ਏਸ ਵਿਵਾਦ ਤੋਂ ਇਸ ਕਰਕੇ ਸੁਰਖਰੂ ਨਹੀਂ ਹੋ ਸਕੇ ਕਿਉਂਕਿ ਗੁਰੂ ਦੀ ਬੇਅਦਬੀ ਨਾਸਹਿਣਯੋਗ ਸੀ।
ਅਕਾਲੀ ਸਰਕਾਰ ਦੀ ਨਾਕਾਮੀ ਏਹੋ ਰਹੀ ਕਿ ਸੁਹਿਰਦਤਾ ਨਾਲ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਨ ਕਾਰਨ ਇਹ ਵਿਵਾਦ ਹੋਰ ਡੂੰਘਾ ਹੁੰਦਾ ਚਲਾ ਗਿਆ। ਬੇਅਦਬੀ ਘਟਨਾਵਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਏ ਧਰਨੇ ਮੁਜ਼ਹਰੇ ਦੌਰਾਨ ਦੋ ਨੌਜਵਾਨਾਂ ਦੀ ਗੋਲੀ ਚੱਲਣ ਨਾਲ ਹੋਈ ਮੌਤ ਕਾਰਨ ਵਿਵਾਦ ਹੋਰ ਵੱਡਾ ਹੋਇਆ ਇਸ ਦੌਰਾਨ ਬੇਅਦਬੀ ਮਾਮਲੇ ’ਤੇ ਇਨਸਾਫ ਦੀ ਮੰਗ ਚੱਲਦੀ ਰਹੀ ਅਤੇ ਅਕਾਲੀ ਸਰਕਾਰ ਚਲਾਉਣ ਵਾਲਿਆਂ ਕੋਲੋਂ ਸਰਕਾਰ ਏਸ ਕਰਕੇ ਹੱਥੋਂ ਨਿਕਲ ਗਈ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਕਾਨੂੰਨ ਦੇ ਕਟਹਿਰੇ ’ਚ ਖੜੇ ਨਾ ਕੀਤੇ ਜਾ ਸਕੇ ਉਹ ਵੀ ਉਦੋਂ ਜਦੋਂ ਪੰਥਕ ਕਹਾਉਣ ਵਾਲਿਆਂ ਦੀ ਅਕਾਲੀ ਸਰਕਾਰ ਸੀ? ਸ਼ੋ੍ਰਮਣੀ ਅਕਾਲੀ ਦਲ ਦੀ ਵਾਰ-ਵਾਰ ਹਾਰ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਅਕਾਲੀ ਨੇਤਾਵਾਂ ਨੇ ਹਾਰ ਨੂੰ ਰੋਕਣ ਲਈ ਗਲਤੀਆਂ ਤੋਂ ਸਬਕ ਨਹੀਂ ਲਿਆ? ਗਲਤੀ ਮੁਆਫ ਉਦੋਂ ਕਰ ਦਿੱਤੀ ਜਾਂਦੀ ਹੈ, ਜਦੋਂ ਗਲਤੀ ਮੁੜ ਨਾ ਦੁਹਰਾਈ ਜਾਵੇ ਆਖਿਰ ਅਕਾਲੀ ਦਲ ਨੂੰ ਵੀ ਪੀੜੀ ਹੇਠ ਸੋਟਾ ਤਾਂ ਫੇਰਨਾ ਹੀ ਪਵੇਗਾ।
2022 ਦੀਆਂ ਚੋਣਾਂ ਦੌਰਾਨ ਭਾਵੇਂ ਸਾਡੇ ਲੀਡਰ ‘ਆਪ ਪਾਰਟੀ’ ਦੀ ਹਵਾ ਦੱਸ ਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਮਿਲੀ ਨਮੋਸ਼ੀ ’ਚੋਂ ਕੱਢਣ ਦੇ ਯਤਨ ’ਚ ਲੱਗੇ ਹੋਏ ਹਨ ਅਤੇ ਸਬਕ ਏਸ ਕਰਕੇ ਨਹੀਂ ਲੈ ਰਹੇ ਹਨ ਕਿ ਹਰ ਇਕ ਦੂਜੇ ਨੂੰ ਆਖ ਰਿਹਾ ਕੇਵਲ ਮੈਂ ਹੀ ਨਹੀਂ ‘ਪਾਰਟੀ’ ਪ੍ਰਧਾਨ ਵੀ ਤਾਂ ਹਾਰਿਆ ਹੈ ਅਤੇ ਚਰਚਾ ਹੈ ਕਿ ਪਾਰਟੀ ਦੇ ਵਿਅਕਤੀ ਵਿਸ਼ੇਸ਼ ਸਿਆਸੀ ਲੜਾਈ ਹਾਰੇ ਹਨ। ਭਾਵੇਂ ਅਕਾਲੀ ਦਲ ਦੀ ਹਾਰ ਦੇ ਵਿਸ਼ੇਸ਼ ਕਾਰਨਾਂ ’ਚੋਂ ਬੇਅਦਬੀ ਵਿਵਾਦ ਲੋਕ ਮਨਾਂ ’ਚ ਉਭਰਨਾ ਹੋ ਸਕਦਾ, ਪਰ ਅਸਲ ਕਾਰਨਾਂ ’ਚੋਂ ‘ਮਾਡਰਨ ਅਕਾਲੀ’ ਦਾ ਹੋਣਾ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਵੋਟਾਂ ਖਾਤਰ ‘ਮਾਡਰਨ ਅਕਾਲੀ ਦਲ’ ਨੇ ਸ਼ੋ੍ਰਮਣੀ ਅਕਾਲੀ ਦਲ ਦਾ ਮੂੰਹ ਮੁਹਾਂਦਰਾ ਵੀ ਵਿਗਾੜਿਆ ਹੈ।
ਮਾਡਰਨ ਅਕਾਲੀ ਦਲ ਦੀਆਂ ਮੀਟਿੰਗਾਂ ਦੌਰਾਨ ਕੰਨਾਂ ’ਚ ਨੱਤੀਆਂ ਪਾਈ ਫਿਰਦੇ ਲੋਕ ਅਤੇ ਘੋਨੇ ਮੋਨਿਆਂ ਨੇ ਜਿਥੇ ਅਕਾਲੀ ਦਲ ਦੀ ਪੰਥਕ ਸ਼ਾਖ ਨੂੰ ਸੱਟ ਮਾਰੀ ਹੈ, ਉਥੇ ਹੀ ਏਹ ਲੋਕ ਸ਼ੋ੍ਰਮਣੀ ਅਕਾਲੀ ਦਲ ਦੀ ਹੋਂਦ ਲਈ ਖ਼ਤਰਾ ਹੋ ਸਕਦੇ ਹਨ। ਪਾਰਟੀ ਵੱਲੋਂ ਅਜਿਹੇ ਲੋਕਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ, ਜੋ ਸਿੱਖੀ ਸਰੂਪ ਤੋਂ ਬਿਲਕੁਲ ਵੱਖ ਸਨ ਅਤੇ ਅਣਗਣਿਤ ਪਤਿਤ ਵਿਅਕਤੀ ਪਾਰਟੀ ਦੀ ਮੁਖਧਾਰਾ ਵਿਚ ਵੀ ਦਿਖਾਈ ਦਿੱਤੇ। ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਚਿੰਤਤ ਰਹਿਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਮੇਂ ਸਮੇਂ ’ਤੇ ਕੌਮੀ ਇਕਜੁੱਟਤਾ ਤੇ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਦਾ ਹਵਾਲਾ ਦਿੰਦੇ ਰਹਿੰਦੇ ਹਨ, ਪ੍ਰੰਤੂ ਅਕਾਲੀ ਦਲ ਦਾ ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਕਦੇ ਵੀ ਇਕਜੁੱਟਤਾ ਪ੍ਰਤੀ ਦਿਲਚਸਪੀ ਵਿਖਾਈ ਨਹੀਂ ਦਿੱਤੀ, ਅੰਦੂਰਨੀ ਖਿੱਚੋਤਾਣ ਅਤੇ ਲੀਡਰਾਂ ਦਾ ਆਪਸੀ ਵਖਰੇਵਾਂ ਵੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਨੂੰ ਰੋਲਦਾ ਚਲਾ ਗਿਆ। ਪਾਰਟੀ ਦੇ ਹੀ ਸਿਰਕੱਢ ਆਗੂ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਨੁਕਤਾਚੀਨੀ ਨੂੰ ਤਰਜੀਹ ਦਿੰਦੇ ਚਲੇ ਗਏ ਅਤੇ ਹੁਣ ਵੀ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਕੋਰ ਕਮੇਟੀ ’ਚ ਸੁਖਬੀਰ ਬਾਦਲ ਦੀ ਭਾਵੇਂ ਖੁੱਲ੍ਹਕੇ ਮੁਖਾਫਲਤ ਨਾ ਕਰਨ, ਪਰ ਮਨਾਂ ਵਿਚ ਅੰਦਰੋਂ ਅੰਦਰ ਘੁਸਰ ਮੁਸਰ ਕਰਦੇ ਰਹਿੰਦੇ ਹਨ ਕਿ ਪਾਰਟੀ ‘ਸੁਖਬੀਰ ਬਾਦਲ’ ਦੇ ਹੱਥਾਂ ’ਚ ਸੁਰੱਖਿਅਤ ਨਹੀਂ? ਅਜਿਹਾ ਕਹਿਣ ਵਾਲੇ ਅਕਾਲੀ ਲੀਡਰ ਇਹ ਵੀ ਦੱਸ ਨਹੀਂ ਪਾਉਂਦੇ ਕਿ ਪਾਰਟੀ ਨੂੰ ਆਖਿਰ ਚਲਾਊ ਕੌਣ? ਅਜਿਹੀ ਘੁਸਰ-ਮੁਸਰ ਜਦੋਂ ਪਾਰਟੀ ਦੇ ਅੰਦਰ-ਬਾਹਰ ਹੁੰਦੀ ਹੋਵੇ ਤਾਂ ਪਾਰਟੀ ਜਿੱਤ ਕਿਥੋਂ ਹਾਸਲ ਕਰ ਸਕਦੀ ਹੈ?
ਹਾਰ ਦੇ ਕਾਰਨਾਂ ’ਤੇ ਜਿੰਨੇ ਮਰਜ਼ੀ ਵਿਸ਼ਲੇਸ਼ਣ ਕੀਤੇ ਜਾਣ, ਪਰ ਜਦੋਂ ਤੱਕ ਅਕਾਲੀ ਲੀਡਰ ਮਨਾਂ ’ਚ ਇਕ ਦੂਜੇ ਪ੍ਰਤੀ ਫਸੀ ਮਿੱਟੀ ਨੂੰ ਨਹੀਂ ਝਾੜਦੇ ਤਦ ਤੱਕ ਅੱਖਾਂ ਵਿਚੋਂ ਕੁਝ ਵੀ ਸਾਫ ਦਿਖਾਈ ਨਹੀਂ ਦੇਵੇਗਾ। ਇਹ ਵੀ ਆਖਿਆ ਜਾ ਰਿਹਾ ਹੈ ਕਿ ਗੁਰਦੁਆਰਿਆਂ ਅੰਦਰ ਸਿਆਸੀ ਦਖਲ ਅੰਦਾਜ਼ੀ ਵੀ ਹਾਰ ਦਾ ਅਹਿਮ ਕਾਰਨ ਤਾਂ ਨਹੀਂ? ਕਿਉਂਕਿ ਪਾਰਟੀ ਦੇ ਲੀਡਰਾਂ ਵੱਲੋਂ ਗੁਰਦੁਆਰਿਆਂ ਅੰਦਰ ਰੱਖੀਆਂ ਜਾਂਦੀਆਂ ਸਿਆਸੀ ਮੀਟਿੰਗਾਂ ਇਸ ਕਰਕੇ ਕੀਤੀਆਂ ਜਾਂਦੀਆਂ ਹਨ ਕਿ ਸਾਰਾ ਕੁਝ ਕੀਤਾ ਕਰਿਆ ਮਿਲ ਜਾਂਦਾ ਹੈ। ਕਦੇ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸੰਗਤ ਤੁਹਾਨੂੰ ਹਮੇਸ਼ਾ ‘ਜੱਜ’ ਕਰਦੀ ਹੋਈ ਆਖ ਦਿੰਦੀ ਹੈ ਕਿ ‘ਅਕਾਲੀ’ ਗੁਰਦੁਆਰਿਆਂ ਨੂੰ ਵਰਤਣੋਂ ਨਹੀਂ ਛੱਡਦੇ? ਵਾਰ ਵਾਰ ਅਜਿਹੀਆਂ ਟਿੱਚਰਾਂ ਕਰਵਾਉਣੀਆਂ ਅਕਾਲੀ ਲੀਡਰਾਂ ਦੀ ਠੀਠਤਾ ਦੀ ਵੱਡੀ ਸਿਖਰ ਹੈ। ਸਿਆਸੀ ਹਲਚਲ ਨੂੰ ਸਿਆਸਤ ਤੋਂ ਅੱਗੇ ਲਿਜਾਣਾ ਪਾਰਟੀ ਲਈ ਵੱਡੇ ਨੁਕਸਾਨ ਦੇ ਸੰਕੇਤ ਹਨ। ਅਕਾਲੀ ਦਲ ਨੂੰ ਮਿਲੀ ਹਾਰ ਤੋਂ ਬਾਅਦ ਸਵਾਲ ਹਨ ਕਿ ਕੀ ਪਾਰਟੀ ਸਬਕ ਲਵੇਗੀ? ਕੀ ਅਕਾਲੀ ਦਲ ਮੁੜ ਲੀਹ ’ਤੇ ਪਵੇਗਾ? ਪੰਥਕ ਰਵਾਇਤਾਂ ਅਤੇ ਕੌਮੀ ਇਕਜੁੱਟਤਾ ਦੀਆਂ ਗੱਲਾਂ ’ਤੇ ਕੀ ਅਸਲ ਅਮਲ ਕਰਾਂਗੇ? ਅਕਾਲੀ ਸਿਆਸਤ ਦੀ ਲਪੇਟ ’ਚ ਆਏ ਗੁਰਦੁਆਰੇ ਕੀ ਅਜ਼ਾਦ ਹੋਣਗੇ? ਅਨੇਕਾਂ ਹੀ ਸਵਾਲ ਅਜੇ ਵੀ ਪਨਪ ਰਹੇ ਹਨ।
ਚੋਣਾਂ ਨਤੀਜਿਆਂ ਤੋਂ ਬਾਅਦ ਮਾਂ ਬੋਲੀ ਪੁੱਛਣ ਲੱਗੀ ਵੇ ਪੁੱਤ ਮੈਂ ਅਕਾਲੀ ਦਲ ਨੂੰ ਵੋਟ ਪਾਈ ਸੀ ਕੀ ਬਣਿਆ ਤਾਂ ਹਾਰ ਦੇ ਨਤੀਜਿਆਂ ਨੇ ਉਸ ਨੂੰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ। ਮਾਂ ਬੋਲੀ ਵੀ ਪੁੱਤ ‘ਅਕਾਲੀ ਦਲ’ ਨਹੀਂ ਹਾਰਿਆ’ ਸਿਆਸਤਦਾਨ ਹਾਰੇ ਹਨ। ਆਖਣ ਲੱਗੀ ਵੇ ਪੁੱਤ ਸੁਖਬੀਰ ਬਾਦਲ ਮਿਲਿਆ ਤਾਂ ਆਖਣਾ ‘ਪੁੱਤ ਸੁਖਬੀਰ ਸਿਆਂ’ ‘ਡੁੱਲੇ ਬੇਰਾਂ’ ਦਾ ਅਜੇ ਵੀ ਕੁਝ ਨਹੀਂ ਵਿਗੜਿਆ ‘ਸਬਕ’ ਜ਼ਰੂਰ ਲੈ ਲੈਣਾ।

ਮਧੂਸਾਰ ਬਿਊਰੋ madhusarnews@gmail.com, madhusartvnews@gmail

Leave a Reply

Your email address will not be published. Required fields are marked *