ਸੱਭਿਆਚਰਕ ਸ਼ਾਮ ਦੌਰਾਨ ‘ਤਲਾਕ’ ਨਾਟਕ ਦੀ ਪੇਸ਼ਕਾਰੀ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਿਊਟੀਕਲ ਵਿਗਿਆਨ ਅਤੇ ਡਰੱਗ ਖੋਜ ਵਿਭਾਗ ਵੱਲੋਂ ਕਰਵਾਈ ਗਈ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ-ਕਮ-ਵਰਕਸ਼ਾਪ ਦੌਰਾਨ ਡੈਲੀਗੇਟਸ ਲਈ ਇੱਕ ਸੱਭਿਆਚਰਕ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ। ਇਸ ਸ਼ਾਮ ਮੌਕੇ ਸਾਰਥਕ ਰੰਗਮੰਚ ਪਟਿਆਲਾ ਵੱਲੋਂ ‘ਤਲਾਕ’ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਪ੍ਰੋ. ਕਿਰਪਾਲ ਕਜ਼ਾਕ ਵੱਲੋਂ ਲਿਖਿਤ ਹੈ ਜਿਸ ਨੂੰ ਡਾ.ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ।’ਤਲਾਕ’ ਨਾਟਕ ਦੀ ਕਹਾਣੀ ਰਵਾਇਤੀ ਨਹੀਂ ਹੈ।

ਇਹ ਨਾਟਕ ਜਿੱਥੇ ਅਖੌਤੀ ਰਿਸ਼ਤਿਆਂ, ਵਿਆਹ ਸੰਸਥਾ ਜਿਹੀ ਧਾਰਮਿਕ ਮਨੌਤ ਅਧੀਨ ਕੀਤੇ ਪਵਿੱਤਰ ਅਹਿਦ ਦੀਆਂ ਧੱਜੀਆਂ ਉਡਾਉਂਦਾ ਹੈ, ਉੱਥੇ ਨਿੱਜ-ਪਰਕ ਰਿਸ਼ਤਿਆਂ ਦੇ ਸਮਵਿੱਥ ਇੱਕ ਪੇਸ਼ਾਵਰ ਔਰਤ ਦੀ ਪਵਿੱਤਰਤਾ ਅਤੇ ਬਲੀਦਾਨ ਦੀ ਨਵੀਂ ਪਰਿਭਾਸ਼ਾ ਪ੍ਰਚੰਡ ਕਰਦਾ ਹੈ। ਇਹ ਨਾਟਕ, ਮਾਨਸਿਕ ਤਣਾਓ, ਰਿਸ਼ਤਿਆਂ ਦੀ ਪੇਚੀਦਗੀ, ਪ੍ਰੇਮ ਸੰਬੰਧਾਂ ਦੇ ਤਲਿਸਮ, ਕਰੂਰ ਯਥਾਰਥ ਅਤੇ ਜਿਸਮ ਫਰੋਸ਼ੀ ਦੇ ਅੰਧਕਾਰ ਵਿੱਚ ਚਕਾਚੌਂਧ ਕਰਦੀਆਂ ਚਾਨਣ ਦੀਆਂ ਕਿਰਨਾਂ ਨੂੰ ਇੱਕ ਮਾਨਵੀ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਪੇਸ਼ ਕਰਨ ਦੀ ਕੋਸਿ਼ਸ਼ ਕਰਦਾ ਹੈ।

ਇਹ ਨਾਟਕ ਇੱਕ ਅਨਾਥ ਨੌਜਵਾਨ ਗੁਰਿੰਦਰ ਸਿੰਘ ਦੁਆਲੇ ਘੁੰਮਦਾ ਹੈ, ਜਿਸਦੇ ਦਿਲੋ-ਦਿਮਾਗ਼ ’ਤੇ ਮਰਦ ਪ੍ਰਧਾਨ ਸਮਾਜ ਦੀ ਮਨੋਦਸ਼ਾ ਸਵਾਰ ਹੈ। ਉਹ ਇਸ ਮਨੋ ਦਸ਼ਾ ਤਹਿਤ ਕਾਲਜ ਵੇਲ਼ੇ ਦੀ ਸੋਹਣੀ-ਸੁਣੱਖੀ ਤ੍ਰਿਖਾਂ ਨਾਲ ਼ਸ਼ਾਦੀ ਰਚਾਉਣ ਦਾ ਚਾਹਵਾਨ ਹੈ, ਪਰ ਬਦਲਦੇ ਹਾਲਾਤ ਵਿੱਚ ਅਨਾਥ ਲੜਕੀ ਨਾਲ਼ ਵਿਆਹ ਕਰਵਾ ਲੈਂਦਾ ਹੈ। ਇਸੇ ਦੌਰਾਨ ਤ੍ਰਿਖਾ ਦਾ ਆਪਣੇ ਪਤੀ ਨਾਲ਼ ਤਲਾਕ ਹੋ ਜਾਂਦਾ ਹੈ ਅਤੇ ਉਹ ਨੌਜਵਾਨ ਆਪਣੀ ਪਤਨੀ ਨੂੰ ਚਮੜੀ ਦ ੇਰੋਗ ਦਾ ਬਹਾਨਾ ਲਗਾ ਕੇ ਤਲਾਕ ਦੇਣ ਦੀ ਧਾਰ ਲੈਂਦਾ ਹੈ। ਨਾਟਕ ਦੀ ਕਹਾਣੀ ਕਈ ਤਰ੍ਹਾਂ ਦੇ ਮੋੜਾਂ ’ਚੋਂ ਗੁਜ਼ਰਦੀ ਦਿੱਲੀ ਦੇ ਹੋਟਲ ਵਿੱਚ ਪਹੁੰਚਦੀ ਹੈ, ਜਿੱਥੇ ਬਹੁਤ ਹੀ ਕਾਬਲ ਵਕੀਲ ਬੁਲਾਇਆ ਗਿਆ ਹੈ। ਵਕੀਲ ਦੇ ਹੋਟਲ ਪਹੁੰਚਣ ਤੋਂ ਪਹਿਲਾਂ ਮਾਲਤੀ ਨਾਂ ਦੀ ਲੜਕੀਆ ਜਾਂਦੀ ਹੈ,ਜੋ ਚੰਦ ਪੈਸਿਆਂ ਲਈ ਜਿਸਮ ਵੇਚਦੀ ਹੈ।

ਨਾਟਕ ਦੀ ਕਹਾਣੀ ਉਸ ਵਕਤ ਤਿੱਖਾਂ ਮੋੜ ਕੱਟਦੀ ਹੈ, ਜਦੋਂ ਪਤਾ ਲੱਗਦਾ ਹੈ ਕਿ ਮਾਲਤੀ ਕੈਂਸਰ ਦੇ ਸਿ਼ਕਾਰਪਤੀ ਦੇ ਇਲਾਜ ਲਈ ਜਿਸਮ ਵੇਚਦੀ ਹੈ, ਕਿਉਂਕਿ ਪਤੀ ਨੂੰ ਦਿਲੋਂ ਪਿਆਰ ਕਰਦੀ ਹੈ। ਇਹ ਪਤਾ ਲਗਦੇ ਹੀ ਗੁਰਿੰਦਰ ਸਿੰਘ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫ਼ੈਸਲਾ ਬਦਲ ਲੈਂਦਾ ਹੈ, ਜਿਸ ਲਈ ਉਸਨੇ ਪਤਨੀ ਨੂੰ ਹੋਈ ਫੁੱਲਬਹਿਰੀ ਦਾ ਬਹਾਨਾ ਤ੍ਰਿਖਾ ਨਾਲ਼ ਸ਼ਾਦੀ ਰਚਾਉਣ ਲਈ ਬਣਾ ਰੱਖਿਆ ਹੈ। ਇਸ ਤਰ੍ਹਾਂ ਨਾਟਕ ਪਤੀ-ਪਤਨੀ ਸਬੰਧਾਂ ਦੀਆਂ ਪੇਚੀਦਗੀਆਂ, ਪ੍ਰੇਮ ਸਬੰਧਾਂ ਦੇ ਮਾਨਸਿਕ ਤਣਾਅ ਅਤੇ ਕਰੂਪ ਤੇ ਕਰੂਰ ਯਥਾਰਥ ਦੇ ਹਨੇਰੇ ਵਿੱਚ ਵੀ ਚਾਨਣ ਦੀ ਚਾਹਤ ਦਰਸਾਉਂਦਾ ਹੈ। ।ਨਾਟਕ ਵਿਚ ਲੱਖਾ ਲਹਿਰੀ, ਵਿਪੁੱਲ ਅਹੂਜਾ,ਕਮਲਪ੍ਰੀਤ ਨਜ਼ਮ,ਗੁਰਦਿੱਤ ਪਹੇਸ਼,ਸੰਜੀਵ ਰਾਏ ,ਕਿਰਨਦੀਪ ਕੌਰ,ਅਰਵਿੰਦਰ ਕੌਰ,ਸੁਰਜੀਤ ਅਤੇ ਦਮਨਪ੍ਰੀਤ ਸਿੰਘ ਨੇ ਆਪਣੇ ਕਿਰਦਾਰ ਬਾਖੂਬੀ ਨਿਭਾਏ।ਇਸ ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਦਾ ਖਾਸ ਯੋਗਦਾਨ ਰਿਹਾ ਜਿਸਨੂੰ ਹਰਮੀਤ ਭੁੱਲਰ ਨੇ ਬਾਖੂਬੀ ਨਿਭਾਇਆ ।ਮਿਊਜ਼ਿਕ ਉਪਰੇਟਰ ਦੀ ਜ਼ਿੰਮੇਵਾਰੀ ਫਤਿਹ ਸੋਹੀ ਨੇ ਨਿਭਾਈ ।

