ਨਵੀਂ ਚੁਣੀ ਗਈ ਵਿਧਾਨ ਸਭਾ ਵਿੱਚ 117 ਵਿੱਚੋਂ 13 ਵਿਧਾਇਕ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਵਿੱਚ 117 ਵਿੱਚੋਂ 13 ਵਿਧਾਇਕ ਅਜਿਹੇ ਹਨ ਜੋ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ ਇੱਕ ਵਿਧਾਇਕ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੀ-ਐੱਚ.ਡੀ. ਕੀਤੀ ਹੈ ਅਤੇ ਇਸ ਤੋਂ ਇਲਾਵਾ ਦੋ ਵੱਲੋਂ ਐਮ.ਫਿ਼ਲ, ਤਿੰਨ ਵੱਲੋਂ ਐਮ.ਏ., ਦੋ ਵੱਲੋਂ ਐੱਲ.ਐੱਲ.ਬੀ., ਤਿੰਨ ਵੱਲੋਂ ਬੀ.ਏ. ਅਤੇ ਇੱਕ ਵੱਲੋਂ ਬੀ.ਡੀ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ ਗਈ ਹੈ। ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਚੋਣ ਜਿੱਤ ਕੇ ਆਏ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਵੀ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਬੀ.ਕੌਮ. ਦੇ ਵਿਦਿਆਰਥੀ ਰਹੇ ਹਨ ਜਿੱਥੋਂ ਉਹ ਯੁਵਕ ਮੇਲਿਆਂ ਵਿੱਚ ਵੀ ਸ਼ਮੂਲੀਅਤ ਕਰਦੇ ਰਹੇ ਹਨ।
ਇਹ 13 ਵਿਧਾਇਕ ਸਿੱਧੇ ਤੌਰ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਕੈਂਪਸ ਜਾਂ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਵਿੱਚੋਂ ਪੜ੍ਹੇ ਹਨ। ਮਲੇਰਕੋਟਲਾ ਤੋਂ ਵਿਧਾਇਕ ਮੋਹੰਮਦ ਜਮੀਲ ਉਰ ਰਹਿਮਾਨ ਨੇ ਤਾਂ ਹਾਲ ਹੀ ਵਿੱਚ ਹੋਈ 39ਵੀਂ ਕਾਨਵੋਕੇਸ਼ਨ ਦੌਰਾਨ ਹੀ ਆਪਣੀ ਪੀ-ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕੰਵਰ ਮਹਿੰਦਰ ਸਿੰਘ ਬੇਦੀ ਬਾਰੇ ਆਪਣੇ ਖੋਜ ਵਿਸ਼ੇ ਵਿੱਚ 2015-16 ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਇਹ ਡਿਗਰੀ ਸੰਪੰਨ ਕਰ ਲਈ ਸੀ।
ਡਿਗਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਬੁਢਲਾਡਾ ਤੋਂ ਵਿਧਾਇਕ ਦੀ ਚੋਣ ਜਿੱਤੇ ਪ੍ਰਿੰਸੀਪਲ ਬੁੱਧਰਾਮ ਸਭ ਤੋਂ ਮੋਹਰੀ ਹਨ ਜਿਨ੍ਹਾਂ ਨੇ ਪੰਜਾਬੀ ਯੂੂਨੀਵਰਸਿਟੀ ਤੋਂ ਚਾਰ ਐਮ.ਏ. ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ 1979 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਪਹਿਲੀ ਐਮ.ਏ. ਪੰਜਾਬੀ ਵਿਸ਼ੇ ਵਿੱਚ ਕੀਤੀ ਸੀ। ਇਸ ਉਪਰੰਤ ਉਨ੍ਹਾਂ 1987 ਵਿੱਚ ਐੱਮ.ਏ. ਰਾਜਨੀਤੀ ਸ਼ਾਸਤਰ, 1990 ਵਿੱਚ ਐੱਮ.ਏ. ਅਰਥ ਸ਼ਾਸਤਰ ਅਤੇ 1998 ਵਿੱਚ ਐੱਮ.ਏ. ਧਰਮ ਅਧਿਐਨ ਦੀ ਡਿਗਰੀ ਪ੍ਰਾਪਤ ਕੀਤੀ।
ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਇ ਨੇ 1994 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਨਾਲ ਸੰਬੰਧਤ ਐੱਲ.ਐੱਲ.ਬੀ. ਦੀ ਡਿਗਰੀ ਹਾਸਿਲ ਕੀਤੀ ਸੀ। ਤਲਵੰਡੀ ਸਾਬੋ ਤੋਂ ਲਗਾਤਾਰ ਦੂਸਰੀ ਵਾਰ ਵਿਧਾਇਕ ਬਣੇ ਬਲਜਿੰਦਰ ਕੌਰ ਨੇ 2011 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਐਮ-ਫਿ਼ਲ ਦੀ ਡਿਗਰੀ ਪ੍ਰਾਪਤ ਕੀਤੀ ਹੈ। ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ 2016 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਵਿਧਾਨ ਸਭਾ ਹਲਕਾ ਪਾਇਲ ਤੋਂ ਜਿੱਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ 2003 ਦੌਰਾਨ ਐਮ.ਏ., ਰਾਜਪੁਰਾ ਵਿਧਾਨ ਸਭਾ ਤੋਂ ਜਿੱਤੇ ਵਿਧਾਇਕ ਨੀਨਾ ਮਿੱਤਲ ਨੇ 1991 ਦੌਰਾਨ ਬੀ.ਏ. ਅਤੇ ਰਾਮਪੁਰਾ ਫੂਲ ਤੋਂ ਜਿੱਤੇ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਨੇ 1993 ਦੌਰਾਨ ਆਪਣੀ ਬੀ.ਏ. ਦੀ ਡਿਗਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਿਲ ਕੀਤੀ ਹੈ। ਸੰਗਰੂਰ ਤੋਂ ਜਿੱਤੇ ਨਰਿੰਦਰ ਕੌਰ ਭਰਾਜ ਨੇ ਹਾਲ ਹੀ ਵਿੱਚ 2021 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਹਾਸਿਲ ਕੀਤੀ ਹੈ। ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਐੱਮ-ਫਿ਼ਲ. ਦੀ ਡਿਗਰੀ ਹਾਸਿਲ ਕੀਤੀ ਹੈ। 1989-90 ਦੇ ਸੈਸ਼ਨ ਦੌਰਾਨ ਉਹ ਸਰਕਾਰੀ ਮਹਿੰਦਰਾ ਕਾਲਜ ਵਿੱਚ ਐਮ.ਏ. ਇਤਿਹਾਸ ਦੇ ਵਿਦਿਆਰਥੀ ਵੀ ਰਹੇ ਹਨ। ਪਿਛਲੀ ਸਰਕਾਰ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਮੌਜੂਦਾ ਸਮੇਂ ਦੀ ਕੈਬਨਿਟ ਵਿੱਚ ਸ਼ਾਮਿਲ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਦਿੜਬਾ ਤੋਂ ਵਿਧਾਨ ਸਭਾ ਮੈਂਬਰ ਹਨ, ਨੇ 1998 ਦੌਰਾਨ ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ. ਕੀਤੀ ਹੈ। ਮਾਨਸਾ ਤੋਂ ਵਿਧਾਇਕ ਅਤੇ ਕੈਬਨਿਟ ਮੈਂਬਰ ਡਾ. ਵਿਜੇ ਸਿੰਗਲਾ ਨੇ 1992 ਦੌਰਾਨ ਆਪਣੀ ਦੰਦਾਂ ਦੀ ਡਾਕਟਰੀ ਦੀ ਪੜ੍ਹਾਈ ਨਾਲ ਸੰਬੰਧਤ ਡਿਗਰੀ ਬੀ.ਡੀ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਬਾਰੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਪੜ੍ਹੇ ਇਹ ਵਿਦਿਆਰਥੀ ਲੋਕਾਂ ਦੇ ਨੁਮਾਇੰਦੇ ਬਣ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ। ਉਨ੍ਹਾਂ ਆਸ ਜਤਾਈ ਕਿ ਇਹ ਸਾਰੇ ਹੀ ਸਾਬਕਾ ਵਿਦਿਆਰਥੀ ਸੂਬੇ ਦੀ ਭਲਾਈ ਲਈ ਆਪਣੀ ਸੂਝ ਬੂਝ ਨਾਲ ਫ਼ੈਸਲੇ ਲੈਣਗੇ ਅਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨਗੇ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਤਲਵੰਡੀ ਸਾਹਿਬ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਪ੍ਰੋ. ਬਲਜਿੰਦਰ ਕੌਰ ਬਾਰੇ ਬੋਲਦਿਆਂ ਕਿਹਾ ਕਿ ਉਹ ਬਹੁਤ ਹੀ ਮਿਹਨਤੀ ਸੁਭਾਅ ਦੀ ਵਿਦਿਆਰਥਣ ਸੀ। ਉਨ੍ਹਾਂ ਉਮੀਦ ਜਤਾਈ ਕਿ ਕਿ ਉਹ ਆਪਣੇ ਪੇਂਡੂ ਪਿਛੋਕੜ ਦੇ ਅਨੁਭਵ ਅਤੇ ਉਚੇਰੀ ਪੜ੍ਹਾਈ ਦੇ ਸੁਮੇਲ ਵਿੱਚੋਂ ਪੈਦਾ ਹੋਈ ਸੂਝ ਨਾਲ ਲਾਜ਼ਮੀ ਤੌਰ ਉੱਤੇ ਪੰਜਾਬ ਦੇ ਹਿਤ ਵਿੱਚ ਫ਼ੈਸਲੇ ਲੈਣਗੇ। ਨਵਾਬ ਸ਼ੇਰ ਮੁਹੰਮਦ ਖਾਂ ਸੰਸਥਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਰੁਬੀਨਾ ਸ਼ਬਨਮ ਵੱਲੋਂ ਆਪਣੇ ਸਾਬਕਾ ਵਿਦਿਆਰਥੀ ਮੋਹੰਮਦ ਜਮੀਲ ਉਰ ਰਹਿਮਾਨ ਦੇ ਵਿਧਾਇਕ ਬਣਨ ਉੱਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਉਹ ਇੱਕ ਚੰਗੇ ਵਿਦਿਆਰਥੀ ਰਹੇ ਹਨ। ਮੋਹੰਮਦ ਜਮੀਲ ਉਰ ਰਹਿਮਾਨ ਦੇ ਪੀ-ਐੱਚ.ਡੀ. ਨਿਗਰਾਨ ਪ੍ਰੋ. ਮੋਹੰਮਦ ਇਕਬਾਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ‘ਕੰਵਰ ਮੋਹਿੰਦਰ ਸਿੰਘ ਬੇਦੀ ਸਹਿਰ : ਸ਼ਖ਼ਸੀਅਤ ਔਰ ਅਦਬੀ ਖਿ਼ਦਮਾਤ’ ਵਿਸ਼ੇ ਉੱਤੇ ਆਪਣਾ ਖੋਜ ਕਾਰਜ ਕੀਤਾ ਸੀ।

