ਪੈਰੋਲ ਤੇ ਆਏ ਸਿੰਘਾ ਨੂੰ ਸਮੇ ਤੋ ਪਹਿਲਾਂ ਜੇਲ ਵਿਚ ਭੇਜਣਾ ਸਰਕਾਰ ਦਾ ਨਾਦਰਸ਼ਾਹੀ ਫੁਰਮਾਨ – ਜਥੇ . ਪੰਜੋਲੀ
ਸ੍ਰੀ ਫਤਹਿਗੜ੍ਹ ਸਾਹਿਬ 23 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੈਰੋਲ ਉਤੇ ਗਏ ਸਿੰਘਾਂ ਨੂੰ ਇਕਦਮ ਖੜ੍ਹੇਪੈਰ ਜੇਲ੍ਹਾਂ ਵਿਚ ਬੁਲਾਉਣ ਦਾ ਸਖਤ ਵਿਰੋਧ ਕਰਦਿਆਂ ਸਰਕਾਰ ਦੀ ਤਾਨਾਸ਼ਾਹੀ ਦੀ ਸਖਤ ਨਿੰਦਿਆ ਕੀਤੀ ਹੈ।ਉਨ੍ਹਾਂ ਆਖਿਆ ਕਿ ਪੰਜਾਬ ਵਿਚ ਮਨੁੱਖਤਾ ਦਾ ਘਾਣ ਕਰਨ ਵਾਲੇ ਮੁਖਮੰਤਰੀ ਬੇਅੰਤ ਸਿੰਘ ਦੇ ਕੇਸ ਵਿਚ ਬੁੜੈਲ ਜੇਲ ਵਿਚ ਨਜਰਬੰਦ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ,ਭਾਈ ਗੁਰਮੀਤ ਸਿੰਘ,ਭਾਈ ਲਖਵਿੰਦਰ ਸਿੰਘ ਨਾਰੰਗਵਾਲ ਸਮੇਤ ਹੋਰ ਕੈਦੀਆਂ ਦੀ ਅਪਰੈਲ ਤੱਕ ਪੈਰੋਲ ਸੀ ਪਰ ਜੇਲ ਪ੍ਰਸ਼ਾਸਨ ਨੇ ਸਭ ਨੂੰ 25 ਮਾਰਚ ਨੂੰ ਜੇਲ੍ਹ ਵਿਚ ਹਾਜਰ ਹੋਣ ਦੇ ਹੁਕਮ ਚਾੜ੍ਹ ਦਿਤੇ ਹਨ।ਇਹ ਸਾਰੇ ਸਿੰਘ ਕੋਰੋਨਾ ਦੇ ਚੱਲਦਿਆਂ ਪਿਛਲੇ ਲੰਮੇ ਸਮੇਂ ਤੋਂ ਪੈਰੋਲ ਉਤੇ ਸਨ ਤੇ ਹੁਣ ਅਚਨਚੇਤ ਜੇਲ੍ਹ ਪਹੁੰਚਣ ਦੇ ਹੁਕਮ ਮਿਲਣ ਕਾਰਨ ਮਾਨਸਿਕ ਸੰਤਾਪ ਵਿਚ ਘਿਰ ਗਏ ਹਨ।
ਇਨ੍ਹਾਂ ਸਿੰਘਾਂ ਨੂੰ 1995 ਤੋਂ ਕਦੇ ਬਾਹਰ ਨਹੀਂ ਕੱਢਿਆ ਗਿਆ ਤੇ 2012 ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖ ਹੜਤਾਲ ਸਦਕਾ ਪੈਰੋਲ ਸ਼ੁਰੂ ਹੋਈ।1995 ਤੋਂ 2022 ਤੱਕ 27 ਸਾਲ ਦੀ ਕੈਦ ਭੋਗਣ ਮਗਰੋਂ ਵੀ ਇਨ੍ਹਾਂ ਸਿੰਘਾਂ ਦੀ ਰਿਹਾਈ ਨਹੀ ਹੋਈ ਜਦਕਿ ਹੋਰ ਉਮਰਕੈਦੀਆਂ ਨੂੰ 8 ਜਾਂ 12 ਸਾਲ ਮਗਰੋਂ ਪੱਕੀ ਰਿਹਾਈ ਦੇ ਦਿਤੀ ਜਾਂਦੀ ਹੈ।ਜਥੇਦਾਰ ਪੰਜੋਲੀ ਨੇ ਇੰਨਾ ਸਿੰਘਾਂ ਨਾਲ ਹੋ ਰਹੀ ਕਾਨੂੰਨੀ ਬੇਇਨਸਾਫ਼ੀ ਦਾ ਵਿਰੋਧ ਕਰਦਿਆਂ ਆਖਿਆ ਕਿ ਪੈਰੋਲ ਮਿਲਣ ਨਾਲ ਇਕ ਵਕਤੀ ਰਾਹਤ ਮਿਲੀ ਹੋਈ ਸੀ ਜੋ ਹੁਣ ਇਕਦਮ ਜੇਲ੍ਹ ਪਹੁੰਚਣ ਦੇ ਹੁਕਮ ਕਰਕੇ ਖਤਮ ਹੋ ਗਈ।ਉਨ੍ਹਾਂ ਆਖਿਆ ਕਿ ਇਨ੍ਹਾਂ ਸਿੰਘਾਂ ਦੀ ਰਿਹਾਈ ਕੇਂਦਰ ਸਰਕਾਰ ਤੇ ਗਵਰਨਰ ਪੰਜਾਬ ਦੇ ਹੱਥਾਂ ਵਿਚ ਹੈ ਪਰ ਸਿੱਖਾਂ ਵਲੋਂ ਧਰਨੇ ਮੁਜਾਹਰੇ ਮੰਗ ਪੱਤਰ ਤੇ ਰੋਸ ਮਾਰਚ ਕਰਕੇ ਬੜੀ ਵੇਰ ਇਸ ਵਿਤਕਰੇ ਦਾ ਮੁੱਦਾ ਉਭਾਰਿਆ ਗਿਆ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿਤਾ।ਜਥੇਦਾਰ ਪੰਜੋਲੀ ਨੇ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਬੇਅੰਤ ਕੇਸ ਵਾਲੇ ਇੰਨਾ ਤਿੰਨਾਂ ਸਿੱਖ ਕੈਦੀਆਂ ਨੂੰ ਪੱਕੀ ਰਿਹਾਈ ਦਿਤੀ ਜਾਵੇ।

