ਵਿਸਾਖੀ ਪੂਰੇ ਜਾਹੋ ਜਲਾਲ ਨਾਲ ਮਨਾਉਣ ਲਈ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹੁਮ ਹਮਾ ਕੇ ਦਮਦਮਾ ਸਾਹਿਬ ਪੁੱਜਣ:ਬਾਬਾ ਬਲਬੀਰ ਸਿੰਘ ਅਕਾਲੀ
ਬੁੱਢਾ ਦਲ ਵੱਲੋਂ ਵਿਸ਼ੇਸ਼ ਵਿਰਸਾ ਸੰਭਾਲ ਮਾਲਵਾ ਗਤਕਾ ਕੱਪ ਮੁਕਾਬਲੇ ਹੋਣਗੇ
ਤਲਵੰਡੀ ਸਾਬੋ,ਦਮਦਮਾ ਸਾਹਿਬ, 23 ਮਾਰਚ (ਮਧੂਸਾਰ ਬਿਊਰੋ) -ਸਾਰੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਪੁਰਾਤਨ ਰਵਾਇਤ ਅਨੁਸਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸਾਖੀ ਪੂਰੇ ਖਾਲਸਾਹੀ ਜਾਹੋ ਜਲਾਲ ਨਾਲ ਮਨਾਉਣ ਲਈ ਵੱਧ ਚੜ੍ਹ ਕੇ ਹੁੰਮਹੁਮਾ ਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁਜਣ ਲਈ ਅਪੀਲ ਕੀਤੀ ਹੈ।ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਦਲਾਂ ਤੇ ਸੰਗਤਾਂ ਦੇ ਸਹਿਯੋਗ ਨਾਲ 12, 13 ਤੇ 14 ਅਪ੍ਰੈਲ ਨੂੰ ਵਿਸਾਖੀ ਪੂਰੇ ਖ਼ਾਲਸਾਈ ਜਾਹੋ-ਜਲਾਲ ਤੇ ਸ਼ਾਨੋ-ਸ਼ੌਕਤ ਨਾਲ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਮਨਾਈ ਜਾਵੇਗੀ।ਗੁਰੂ ਸਾਹਿਬ ਵੱਲੋਂ ਵਰੋਸਾਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਖਾਲਸੇ ਦੀ ਸਿਰਜਨਾ ਦਾ ਦਿਵਸ ਵਿਸਾਖੀ ਦਾ ਤਿਉਹਾਰ ਹਰ ਸਾਲ ਸਾਰੇ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ।ਇਸ ਵਾਰ ਵੀ ਅੱਗੇ ਨਾਲੋਂ ਵੀ ਵੱਧ ਚੜ ਕੇ ਮਨਾਇਆ ਜਾਵੇਗਾ।ਉਨਾਂ ਕਿਹਾ ਕਿ ਇਸ ਵਾਰ ਵੀ ਵਿਸਾਖੀ ਦੇ ਮੌਕੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ।
ਉਨ੍ਹਾਂ ਹੋਰ ਕਿਹਾ ਕਿ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਵਿਸਾਖੀ ਮੌਕੇ ਇਸ ਵਾਰ 13, 14 ਅਪ੍ਰੈਲ ਨੂੰ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਬੇਰ ਸਾਹਿਬ, ਦੇਗਸਰ ਪਾ: ਦਸਵੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਜੰਗਜੂ ਕਲਾ ਦਾ ਪ੍ਰਤੀਕ ਵਿਸ਼ੇਸ਼ ਵਿਰਸਾ ਸੰਭਾਲ ਮਾਲਵਾ ਗਤਕਾ ਕੱਪ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਪਹਿਲੇ, ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਇਨਾਮ ਤਕਸੀਮ ਕੀਤੇ ਜਾਣਗੇ।ਉਨ੍ਹਾਂ ਇਹ ਵੀ ਕਿਹਾ ਕਿ ਹੋਲੇ ਮਹੱਲੇ ਮੌਕੇ ਦਲਪੰਥ ਵੱਲੋਂ ਹਰ ਸਾਲ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ, ਏਵੇਂ ਹੀ ਵਿਸਾਖੀ ਪੁਰਬ ਤੇ ਮਾਲਵਾ ਗਤਕਾ ਕੱਪ ਕਰਵਾਇਆ ਜਾਂਦਾ ਹੈ।ਉਨ੍ਹਾਂ ਕਿਹਾ ਇਤਿਹਾਸਕ ਨਿਸ਼ਾਨਾਂ ਦੀ ਛਤਰ ਛਾਇਆ ਹੇਠ ਹਰ ਸਾਲ ਦੀ ਤਰ੍ਹਾਂ ਸਮੂਹ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਛਾਉਣੀ ਬੁੱਢਾ ਦਲ ਗੁ: ਬੇਰ ਸਾਹਿਬ ਦੇਗਸਰ ਸਾਹਿਬ ਤੋਂ ਮਹੱਲਾ ਕੱਢਿਆ ਜਾਵੇਗਾ।

