ਪਟਿਆਲਾ

ਤਿੰਨ ਰੋਜ਼ਾ ਪੰਜਾਬੀ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਦਾ ਦੂਜਾ ਦਿਨ ਟੀ.ਵੀ. ਅਤੇ ਓ.ਟੀ.ਟੀ. ਪਲੇਟਫ਼ਾਰਮਜ਼ ਨੂੰ ਸਮਰਪਿਤ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਫਿ਼ਲਮ ਐਂਡ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨਜ਼ (ਪਫ਼ਟਾ) ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੰਜਾਬੀ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਦਾ ਦੂਜਾ ਦਿਨ ਟੀ.ਵੀ. ਅਤੇ ਓ.ਟੀ.ਟੀ. ਪਲੇਟਫ਼ਾਰਮਜ਼ ਨੂੰ ਸਮਰਪਿਤ ਰਿਹਾ। ਇਸ ਦਿਨ ਦੇ ਪਹਿਲੇ ਸੈਸ਼ਨ ਵਿੱਚ ਬੋਲਦਿਆਂ ਦੂਰਦਰਸ਼ਨ ਤੋਂ ਪੁੱਜੇ ਨਿਰਦੇਸ਼ਕ ਹਰਜੀਤ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਮਨੋਰੰਜਨ ਦੀ ਦੁਨੀਆਂ ਵਿੱਚ ਤਕਨੀਕ ਦਾ ਵਿਕਾਸ ਅਤੇ ਵਰਤੋਂ ਬਹੁਤ ਤੇਜ਼ੀ ਨਾਲ ਹੋ ਰਹੇ ਹਨ ਤਾਂ ਅਜਿਹੀ ਸਥਿਤੀ ਵਿੱਚ ਸਾਡੀ ਵਧੇਰੇ ਚੰਤੇਨ ਹੋ ਜਾਣ ਦੀ ਜਿ਼ੰਮੇਵਾਰੀ ਵੀ ਪੈਦਾ ਹੋ ਜਾਂਦੀ ਹੈ। ਕੁੱਝ ਓ.ਟੀ.ਟੀ. ਪਲੇਟਫ਼ਾਰਮਜ਼ ਵੱਲੋਂ ਪਰੋਸੀ ਜਾ ਰਹੀ ਜਿਨਸੀ ਉਕਸਾਹਟ ਅਤੇ ਅਪਰਾਧ ਬਿਰਤੀ ਨੂੰ ਫ਼ੈਲਾਉਣ ਵਾਲੀ ਡਿਜੀਟਲ ਸਮੱਗਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਭ ਤੋਂ ਚੇਤੰਨ ਰਹਿਣ ਦੀ ਜ਼ਰੂਰਤ ਹੈ।

ਇਸ ਦੇ ਸਮਾਨਾਂਤਰ ਚੰਗੇ ਅਤੇ ਮਿਆਰੀ ਪ੍ਰੋਗਰਾਮ ਬਣਾਏ ਜਾਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਜਿਸ ਦੌਰ ਵਿੱਚ ਟੀਵੀ ਚੈਨਲਾਂ ਦੀ ਗਿਣਤੀ ਵਧ ਰਹੀ ਸੀ ਤਾਂ ਡਿਜੀਟਲ ਮੀਡੀਆ ਨਾਲ ਜੁੜੇ ਬੁੱਧੀਜੀਵੀਆਂ ਅਤੇ ਹੋਰਨਾਂ ਚਿੰਤਕਾਂ ਵੱਲੋਂ ਇਹ ਸੰਦੇਹ ਪ੍ਰਗਾਟਿਆ ਗਿਆ ਸੀ ਕਿ ਅਜਿਹਾ ਹੋਣ ਨਾਲ ਪ੍ਰੋਗਰਾਮਾਂ ਦੇ ਮਿਆਰ ਵਿੱਚ ਗਿਰਾਵਟ ਆ ਸਕਦੀ ਹੈ। ਅੱਜ ਜਦੋਂ ਸਿਰਫ਼ ਟੀਵੀ ਚੈਨਲਾਂ ਦੀ ਗਿਣਤੀ ਹੀ ਨਹੀਂ ਵਧੀ ਸਗੋਂ ਹੋਰ ਬਹੁਤ ਸਾਰੇ ਪਲੇਟਫ਼ਾਰਮ ਸਾਹਮਣੇ ਆ ਚੁੱਕੇ ਹਨ ਤਾਂ ਇਸੇ ਸੰਦੇਹ ਇੱਕ ਸੱਚ ਵਾਂਗ ਵੀ ਸਾਬਿਤ ਹੋ ਰਿਹਾ ਹੈ। ਅੱਜ ਜਿੱਥੇ ਇਨ੍ਹਾਂ ਵੱਖ-ਵੱਖ ਪਲੇਟਫ਼ਾਰਮਾਂ ਨੇ ਨਵੀਆਂ ਪ੍ਰਤਿਭਾਵਾਂ ਲਈ ਰਾਹ ਖੋਲ੍ਹੇ ਹਨ ਉੱਥੇ ਹੀ ਗ਼ੈਰ ਮਿਆਰੀ ਕਿਸਮ ਦੇ ਪ੍ਰੋਗਰਾਮ ਵੀ ਵੱਡੀ ਗਿਣਤੀ ਵਿੱਚ ਬਣ ਰਹੇ ਹਨ ਜਿਨ੍ਹਾਂ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਬੱਚਿਆਂ ਲਈ ਚੰਗੇ ਅਤੇ ਮਿਆਰੀ ਪ੍ਰੋਗਰਾਮ ਬਣਾਉਣ ਦੀ ਵੀ ਲੋੜ ਹੈ ਤਾਂ ਸਾਡੀ ਨਵੀਂ ਪੀੜ੍ਹੀ ਦਾ ਚੰਗਾ ਵਿਕਾਸ ਹੋ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸੂਝ ਬੂਝ ਨਾਲ ਇਸ ਦੌਰ ਦੀਆਂ ਸੰਭਾਵਨਾਵਾਂ ਅਤੇ ਸਮੱਸਿਆਵਾਂ ਦੇ ਦਰਪੇਸ਼ ਹੋਣ ਦੀ ਲੋੜ ਹੈ। ਤੇਜ਼ੀ ਅਤੇ ਪਰਿਵਰਤਨ ਦੇ ਇਸ ਦੌਰ ਵਿੱਚ ਲਾਪਰਵਾਹੀ ਵਾਲੇ ਰਵੱਈਏ ਵਿਚੋਂ ਬਾਹਰ ਆਉਣ ਦੀ ਲੋੜ ਹੈ।

ਦੂਰਦਰਸ਼ਨ ਜਲੰਧਰ ਦੇ ਉੱਘੇ ਨਿਰਦੇਸ਼ਕ ਰਹੇ ਸਰਦਾਰਜੀਤ ਬਾਵਾ ਵੱਲੋਂ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਰੰਗਮੰਚ ਨਾਲ ਜੁੜੇ ਹੋਣ ਦਾ ਉਨ੍ਹਾਂ ਨੂੰ ਵਿਸ਼ੇਸ਼ ਲਾਭ ਮਿਲਿਆ ਹੈ। ਰੰਗਮੰਚ ਦੀ ਤਾਕਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰੰਗਮੰਚ ਦਾ ਅਨੁਭਵ ਤੁਹਾਨੂੰ ਇੱਕ ਵਿਸ਼ੇਸ਼ ਕਿਸਮ ਦੀ ਸੂਝ ਪ੍ਰਦਾਨ ਕਰ ਦਿੰਦਾ ਹੈ ਜਿਸ ਦਾ ਲਾਭ ਟੀਵੀ ਜਾਂ ਸਿਨੇਮਾ ਵਿੱਚ ਕੰਮ ਕਰਦਿਆਂ ਵੀ ਪ੍ਰਾਪਤ ਹੁੰਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਟੀਵੀ ਲਈ ਕੰਮ ਕਰਦੇ ਹੋਣ ਦੀਆਂ ਸੀਮਾਵਾਂ ਬਾਰੇ ਕੁੱਝ ਤਜਰਬੇ ਵੀ ਸਾਂਝੇ ਕੀਤੇ ਗਏ।

ਇਸ ਦਿਨ ਦੇ ਪਹਿਲੇ ਸੈਸ਼ਨ ਦਾ ਸਵਾਗਤੀ ਭਾਸ਼ਣ ਦਿੰਦਿਆਂ ਡਾ. ਸੁਰਜੀਤ ਸਿੰਘ ਨੇ ਇਸ ਉਤਸਵ ਦੇ ਮਕਸਦ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ ਮਾਧਿਅਮ ਨਾਲ ਸੰਬੰਧਤ ਕਲਾਵਾਂ ਦੀ ਤਾਕਤ ਹੈ ਕਿ ਇਹ ਆਮ ਬੰਦੇ ਦੇ ਮਨ-ਮਸਤਕ ਨੂੰ ਉਸ ਦੇ ਪਤਾ ਲੱਗਣ ਤੋਂ ਬਿਨਾ ਹੀ ਤਬਦੀਲ ਕਰ ਰਿਹਾ ਹੁੰਦਾ ਹੈ। ਇਸ ਲਈ ਏਨੇ ਤਾਕਤਵਰ ਮਾਧਿਅਮ ਨੂੰ ਅਕਾਦਮਿਕ ਜਗਤ ਵਿੱਚੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਲਈ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗ ਸਾਹਿਤ ਦੇ ਨਾਲ ਨਾਲ ਇਨ੍ਹਾਂ ਵਿਧਾਵਾਂ ਉੱਪਰ ਵੀ ਅਕਾਦਮਿਕ ਪੱਧਰ ਦੇ ਖੋਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਇਹ ਉਤਸਵ ਇਸ ਦਿਸ਼ਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਟੀਵੀ ਦੇ ਖੇਤਰ ਦੀਆਂ ਵੱਖ-ਵਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਟੀਵੀ ਕਮੇਡੀਅਨ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ), ਲਖਵਿੰਦਰ ਜੌਹਲ, ਵਿਜੇ ਸ਼ਾਇਰ, ਜਤਿੰਦਰ ਕੌਰ, ਸੁਖਬੀਰ ਬਾਠ, ਪ੍ਰੇਮ ਕਾਕੜੀਆ, ਸਰਿਤਾ ਤਿਵਾੜੀ, ਹਰਬਖਸ਼ ਲਾਟਾ, ਐੱਸ. ਕੇਸਰ, ਗੁਲਸ਼ਨ ਢੀਂਗਰਾ, ਅਸ਼ਵਨੀ ਭਾਰਦਵਾਜ, ਜਸਦੀਪ ਕੌਰ ਆਦਿ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ। ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋਏ ਦੂਜੇ ਸੈਸ਼ਨ ਵਿੱਚ ਪੰਜਾਬੀ ਦੀ ਫਿ਼ਲਮ ‘ਸਤਲੁਜ ਦੇ ਕੰਢੇ’ ਪ੍ਰਦਰਸਿ਼ਤ ਕੀਤੀ ਗਈ। ਜਿ਼ਕਰਯੋਗ ਹੈ ਕਿ ਪੰਜਾਬੀ ਦੀ ਇਹ ਫਿ਼ਲਮ ਰਾਸ਼ਟਰੀ ਐਵਾਰਡ ਜੇਤੂ ਫਿ਼ਲਮ ਹੈ। ਇਸ ਉਪਰੰਤ ਵੱਖ-ਵੱਖ ਮਾਹਿਰਾਂ ਵੱਲੋਂ ਇਸ ਫਿ਼ਲਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।

Leave a Reply

Your email address will not be published. Required fields are marked *