ਸਿੱਖ ਰੈਜੀਮੈਂਟ ’ਚ ਦੂਜੇ ਧਰਮਾਂ ਦੇ ਨੌਜਵਾਨਾਂ ਦੀ ਭਰਤੀ ਕੌਮ ਦਾ ਅਪਮਾਨ ਕਰਨ ਦੇ ਤੁਲ : ਬਲਵੰਤ ਸਿੰਘ ਰਾਮੂਵਾਲੀਆ
ਚੰਡੀਗੜ੍ਹ (ਮਧੂਸਾਰ ਬਿਊਰੋ) ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਪੌਣੇ ਦੋ ਸੌ ਸਾਲ ਪੁਰਾਣੀ ਨਿਰੋਲ ਸਿੱਖ ਰੈਜੀਮੈਂਟ ਵਿੱਚ ਅੱਗੇ ਤੋਂ ਦੂਜੇ ਧਰਮਾਂ ਦੇ ਨੌਜਵਾਨ ਵੀ ਭਰਤੀ ਕਰਨ ਦੀ ਮੰਗ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਨੂੰ ਭਾਰਤੀ ਫੌਜੀ ਪ੍ਰੰਪਰਾਵਾਂ ਨਾਲ ਬੇਵਫ਼ਾਈ ਤੇ ਖਤਰਨਾਕ ਦੱਸਦਿਆਂ ਸਿੱਖ ਕੌਮ ਦੇ ਅਪਮਾਨ ਦੇ ਤੁੱਲ ਕਿਹਾ ਹੈ । ਸ.ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਪਾਸੇ ਤਾਂ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਭਰੋਸਾ ਵਧਾਉਣ ਲਈ ਤੁਹਾਡੇ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਭਾਵਨਾਵਾਂ ਨੂੰ ਸੁਹਿਰਦ ਮੰਨਿਆ ਜਾ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਵੀ ਵੱਧ ਰਿਹਾ ਹੈ ਪਰ ਦੂਜੇ ਪਾਸੇ ਸਿੱਖਾਂ ਪ੍ਰਤੀ ਇਹ ਬੇਭਰੋਸਗੀ ਬਹੁਤ ਖ਼ਤਰਨਾਕ ਹੈ ਅਤੇ ਇਨ੍ਹਾਂ ਯਤਨਾਂ ਨੂੰ ਕਮਜ਼ੋਰ ਕਰਦੀ ਹੈ ।
ਸਰਦਾਰ ਰਾਮੂਵਾਲੀਆ ਨੇ ਕਿਹਾ ਕਿ ਸਿੱਖਾਂ ਵਰਗੀ ਹਰ ਸਮੇਂ ਦੇਸ਼ ਭਗਤੀ ਵਿਚ ਸਫਲ ਅਤੇ ਦੇਸ਼ ਦੀ ਰੱਖਿਆ ਲਈ ਵੱਡੀਆਂ ਕੁਰਬਾਨੀਆਂ ਵਾਲਾ ਮੋਹਰੀ ਰੋਲ ਅਦਾ ਕਰਨ ਵਾਲੀ ਕੌਮ ਨੂੰ ਬਹਾਨੇ ਬਣਾ ਕੇ ਸਿੱਖਾਂ ਦੇ ਪੁਰਾਣੇ ਇਤਿਹਾਸ ਦੀ ਖੁਸ਼ਬੋ ਖਰਾਬ ਨਾ ਕੀਤੀ ਜਾਵੇ। ਸਰਦਾਰ ਰਾਮੂਵਾਲੀਆ ਨੇ ਯਾਦ ਕਰਵਾਇਆ ਹੈ ਕਿ ਇੱਕ ਵਾਰ ਸ੍ਰੀ ਫਾਰੂਕ ਅਬਦੁੱਲਾ ਨੇ ਦਿੱਲੀ ਵਿੱਚ ਕੁਝ ਸਮਾਂ ਪਹਿਲਾਂ ਇਕ ਭਾਸ਼ਨ ਵਿੱਚ ਬੜੇ ਫਖ਼ਰ ਨਾਲ ਦੱਸਿਆ ਸੀ ਕਿ ਅਕਤੂਬਰ ਉੱਨੀ ਸੌ ਸੰਤਾਲੀ ਵਿੱਚ ਜਦੋਂ ਪਸ਼ਤੂਨ ਟਰਾਈਬਲ ਅਤੇ ਪਾਕਿਸਤਾਨੀ ਰਜ਼ਾਕਾਰ ਕਸ਼ਮੀਰ ਤੇ ਕਬਜਾ ਕਰਨ ਲਈ ਘੁਸ ਗਏ ਸਨ ਤਾਂ ਉਦੋਂ ਪਟਿਆਲਾ ਰੈਜੀਮੈਂਟ ਦੇ ਸਵਾ ਛੇ ਛੇ ਫੁੱਟੇ ਸਿੱਖ ਨੌਜਵਾਨਾਂ ਨੇ ਇਕ ਹਫਤੇ ਵਿੱਚ ਹੀ ਕਸਮੀਰ ਪਹੁੰਚ ਕੇ ਭਾਰਤ ਦਾ ਮੁੜ ਕਬਜ਼ਾ ਕਰਵਾ ਦਿੱਤਾ ਸੀ। ਸਰਦਾਰ ਰਾਮੂਵਾਲੀਆ ਨੇ ਵਿਸ਼ਵ ਭਰ ਵਿੱਚ ਰਹਿੰਦੇ ਸਿੱਖ ਭਾਈਚਾਰੇ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਮੁਦਈਆਂ ਨੂੰ ਅਪੀਲ ਕੀਤੀ ਹੈ ਕਿ ਤਲਖ਼ੀ ਨਾਲ ਬਿਲਕੁੱਲ ਨਹੀਂ ਸਗੋਂ ਪੂਰੀ ਤਰ੍ਹਾਂ ਠੰਢੇ ਦਿਲ ਤੇ ਠੋਸ ਦਲੀਲਾਂ ਨਾਲ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਕਰੋ ਕਿ ਉਹ ਸਿੱਖ ਰੈਜੀਮੈਂਟ ਦੀ ਸਦੀਆਂ ਪੁਰਾਣੀ ਸ਼ਾਨ ਨੂੰ ਆਂਚ ਨਾ ਆਉਣ ਦੇਵੇ ।

