ਗੁਰਮੁਖੀ ਲਿਖਣ-ਪ੍ਰਬੰਧ ਦਾ ਵਿਕਾਸ ਵਿਸ਼ੇ ’ਤੇ ਲੈਕਚਰ
ਬਹਾਦਰਗੜ੍ਹ/ਪਟਿਆਲਾ 8 ਅਪ੍ਰੈਲ (ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ ਵਿਖੇ ਚੱਲ ਰਹੇ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ’ ਤਹਿਤ ‘ਗੁਰਮੁਖੀ ਲਿਖਣ-ਪ੍ਰਬੰਧ ਦਾ ਵਿਕਾਸ (ਅਧਕ, ਪੈਰ-ਬਿੰਦੀਆਂ ਅਤੇ ਵਿਸ਼ਰਾਮ ਚਿੰਨ੍ਹਾਂ ਦੇ ਹਵਾਲੇ ਨਾਲ)’ ਵਿਸ਼ੇ ਤਹਿਤ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਲੜੀ ਗੁਰਪੁਰਵਾਸੀ ਡਾ. ਕਿਰਪਾਲ ਸਿੰਘ ਹਿਸਟੋਰੀਅਨ ਵੱਲੋਂ ਖੋਜਾਰਥੀਆਂ ਦੀ ਖੋਜ ਬਿਰਤੀ ਨੂੰ ਪ੍ਰਬਲ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਲੈਕਚਰ ਦੀ ਸ਼ੁਰੂਆਤ ਬੀ. ਐਮ. ਐਸ. ਕੋਰਸ ਦੇ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਗਾਇਨ ਕਰਕੇ ਕੀਤੀ। ਇਸ ਮੌਕੇ ਡਾ. ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ, ਡਾਇਰੈਕਟੋਰੇਟ ਆਫ ਐਜੂਕੇਸਨ ਬਹਾਦਰਗੜ੍ਹ ਵੱਲੋਂ ਸਭ ਨੂੰ ਜੀ ਆਇਆਂ ਨੂੰ ਕਿਹਾ ਗਿਆ।
ਲੈਕਚਰ ਦੇ ਮੁੱਖ ਬੁਲਾਰੇ ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗਡ੍ਹ ਸਾਹਿਬ ਨੇ ਸਲਾਈਡ ਸ਼ੋਅ ਰਾਹੀਂ ਪੁਰਾਤਨ ਗ੍ਰੰਥਾਂ ਦੇ ਹਵਾਲਿਆਂ ਨਾਲ ਦਰਸਾਇਆ ਕਿ ਅਧਕ ਦੀ ਵਰਤੋਂ ਕਦੋਂ ਪ੍ਰਚਲਿਤ ਹੋਈ? ਅਧਕ ਦੀ ਵਰਤੋਂ ਸ਼ਬਦਾਂ ਉਪਰ ਦਬਾਅ ਪਾਉਣ ਲਈ ਕੀਤੀ ਜਾਂਦੀ ਹੈ। ਇਸ ਦਾ ਸੰਬੰਧ ਦੁਤੀਕਰਨ ਨਾਲ ਹੈ ਅਤੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨਾਲ ਇਸ ਦਾ ਪ੍ਰਚਲਣ ਪੰਜਾਬੀ ਵਿਚ ਆਇਆ ਹੈ। ਮਹਿਮਾਨ ਵਕਤਾ ਡਾ. ਪਰਮਜੀਤ ਸਿੰਘ ਸਿੱਧੂ, ਸਾਬਕਾ ਮੁਖੀ, ਪੰਜਾਬੀ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮਿ੍ਰਤਸਰ ਨੇ ਆਖਿਆ ਕਿ ਗੁਰਮੁਖੀ ਪੜ੍ਹਨ ਵਾਲੇ ਗੁਰਮੁਖ ਬਣ ਜਾਂਦੇ ਹਨ। ਗੁਰਮੁਖੀ ਸਕੂਲ ਮੁਡ ਸ਼ੁਰੂ ਕਰਨੇ ਚਾਹੀਦੇ ਹਨ। ਇਸ ਦੌਰਾਨ ਇੰਜੀਨੀਅਰ ਸ. ਜਗਮੀਤ ਸਿੰਘ, ਜਸਪਾਲ ਸਿੰਘ, ਡਾ. ਗੁਰਮੇਲ ਸਿੰਘ, ਡਾ. ਸੁਖਦੇਵ ਸਿੰਘ ਸ਼ਾਂਤ ਨੇ ਮੁੱਲਵਾਨ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਡਾ. ਗੁਰਪਾਲ ਸਿੰਘ, ਪ੍ਰੋਫੈਸਰ ਅਤੇ ਅਕਾਦਮਿਕ ਮੁਖੀ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਨੇ ਆਖਿਆ ਕਿ ਅਜੋਕੇ ਪੰਜਾਬੀ ਅਧਿਐਨ ਵਿਚ ਵਿਦਿਆਰਥੀਆਂ ਨੂੰ ਸੁਖੈਨਤਾ ਦੀ ਥਾਂ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਗੁਰਬਾਣੀ, ਗੁਰਮੁਖੀ ਦੀ ਸ਼ਬਦਾਵਲੀ ਅਤੇ ਇਸ ਦੇ ਉਚਾਰਨ ਨੂੰ ਕਾਇਮ ਰੱਖ ਸਕਣ।
ਡਾ. ਚਮਕੌਰ ਸਿੰਘ ਨੇ ਨੌਜਵਾਨਾਂ ਨੂੰ ਇਸ ਨਿਵੇਕਲੇ ਵਿਸ਼ੇ ਵੱਲ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੰਸਟੀਚਿਊਟ ਵਿੱਚ ਨਵੇਂ ਸ਼ੁਰੂ ਹੋਣ ਵਾਲੇ ਗੁਰਮੁਖੀ ਟੀਚਿੰਗ ਟ੍ਰੇਨਿੰਗ ਕੋਰਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਨਵਤੇਜ ਸਿੰਘ ਕਾਉਣੀ ਨੇ ਸਾਰੇ ਵਿਦਵਾਨ ਬੁਲਾਰਿਆਂ, ਖੋਜਾਰਥੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਿ੍ਰੰਸੀਪਲ ਜਸਬੀਰ ਕੌਰ, (ਗੁਰਮਤਿ ਕਾਲਜ ਪਟਿਆਲਾ), ਡਾ. ਗੁਰਵੀਰ ਸਿੰਘ ਸਹਾਇਕ ਪ੍ਰੋਫੈਸਰ, ਖਾਲਸਾ ਕਾਲਜ, ਬੀਬੀ ਹਰਪ੍ਰੀਤ ਕੌਰ, ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਫਾਰ ਗਰਲਜ, ਨਿੰਮ ਸਾਹਿਬ ਆਕੜ, ਡਾ. ਸ਼ਮਸ਼ੇਰ ਸਿੰਘ ਰਿਟਾਇਡ ਪ੍ਰੋਫੈਸਰ, ਡਾ. ਗੁਰਨਾਇਬ ਸਿੰਘ, ਡਾ. ਪਰਮਜੀਤ ਸਿੰਘ ਮੁਹਾਲੀ, ਸ. ਕਰਨੈਲ ਸਿੰਘ ਮੁਹਾਲੀ ਸਮੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰਮਤਿ ਕਾਲਜ, ਪਟਿਆਲਾ, ਖ਼ਾਲਸਾ ਕਾਲਜ, ਪਟਿਆਲਾ ਅਤੇ ਨਿੰਮ ਸਾਹਿਬ, ਆਕਡ ਤੋਂ ਵੱਡੀ ਗਿਣਤੀ ਵਿਚ ਪੁੱਜੇ ਖੋਜਾਰਥੀ ਅਤੇ ਵਿਦਿਆਰਥੀ ਹਾਜਰ ਸਨ।

