ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਨਿਊ ਪਾਵਰ ਹਾਊਸ ਕਲੋਨੀ ਸਕੂਲ ਦੇ ਨਵੇਂ ਸੈਸ਼ਨ ਲਈ ਪ੍ਰਾਸਪੈਕਟ ਜ਼ਾਰੀ ਕਰਕੇ ਸ਼ੁਰੂਆਤ
ਪਟਿਆਲਾ ਸ਼ਹਿਰੀ ਹਲਕੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ
ਪਟਿਆਲਾ 11 ਅਪ੍ਰੈਲ:(ਮਧੂਸਾਰ ਬਿਊਰੋ) ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਪ੍ਰਾਸਪੈਕਟਸ ਰਿਲੀਜ਼ ਕਰ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ। ਸ੍ਰੀ ਕੋਹਲੀ ਨੇ ਸਕੂਲ ਵਿਚ ਸਥਾਪਤ ਲਾਇਬ੍ਰੇਰੀ , ਸਵੱਛ ਵਾਤਾਵਰਨ ਅਤੇ ਸਮਾਰਟ ਕਲਾਸਰੂਮਜ਼ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਖੋਸਲਾ ਨੇ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਤੋਂ ਬਾਅਦ ਲਗਭਗ ਤਿੰਨ ਮਹੀਨੇ ਪਹਿਲਾਂ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ. ਅਮਰਜੀਤ ਸਿੰਘ ਨੇ ਪ੍ਰਾਸਪੈਕਟਸ ਰਿਲੀਜ਼ ਕਰਨ ਦੀ ਰਸਮ ਅਦਾ ਕਰਨ ਲਈ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਪਟਿਆਲਾ ਸ਼ਹਿਰੀ ਹਲਕੇ ਵਿੱਚ ਆਉਂਦੇ ਸਿੱਖਿਆ ਬਲਾਕਾਂ ਦੇ ਸਕੂਲਾਂ ਦੀ ਬਿਹਤਰੀ ਲਈ ਸਾਥ ਦੇਣ ਦੀ ਬੇਨਤੀ ਉਤੇ ਵਿਧਾਇਕ ਸ. ਕੋਹਲੀ ਨੇ ਭਰੋਸਾ ਦਿੱਤਾ ਕਿ ਪਟਿਆਲਾ ਸ਼ਹਿਰੀ ਹਲਕੇ ਵਿਚ ਆਉਂਦੇ ਸਾਰੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰਾ ਯੋਗਦਾਨ ਦੇਣਗੇ।
ਸ. ਅਜੀਤਪਾਲ ਸਿੰਘ ਕੋਹਲੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਅਤੇ ਸਿਹਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਮੁੱਖ ਏਜੰਡੇ ਹਨ। ਓਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਆਪ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਉਚੇਚੇ ਤੌਰ ‘ਤੇ ਹੱਲ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਸ੍ਰੀ ਖੋਸਲਾ ਨੇ ਦੱਸਿਆ ਕਿ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਪਟਿਆਲਾ ਵੱਲੋਂ ਅਸ਼ੀਸ਼ ਸੱਭਰਵਾਲ ਮਾਰਕੀਟਿੰਗ ਮੈਨੇਜਰ ਅਤੇ ਇੰਚਾਰਜ ਪ੍ਰਿਤਪਾਲ ਸਿੰਘ ਸਮੇਂ-ਸਮੇਂ ‘ਤੇ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਲਈ ਸਾਥ ਦਿੰਦੇ ਰਹਿੰਦੇ ਹਨ। ਇਸ ਮੌਕੇ ਅਧਿਆਪਕ ਸਤਿੰਦਰ ਸਿੰਘ, ਬਿੰਦੀਆ ਸਿੰਗਲਾ, ਅਮਨੀਤ ਕੌਰ , ਵੈਸ਼ਾਲੀ, ਦੀਪਕ ਵਰਮਾ ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਈ.ਬੀ.ਟੀ ਦੇ ਮੈਂਬਰ ਅਨੂਪ ਸ਼ਰਮਾਂ, ਮੇਜਰ ਸਿੰਘ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

