ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਅੱਖਰ-2021 ਅਤੇ ਪੰਜਾਬੀ ਕੰਪਿਊਟਿੰਗ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ 200 ਤੋਂ ਵੱਧ ਵਿਅਕਤੀਆਂ ਨੇ ਲਈ ਸਿਖਲਾਈ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ 123 ਮਾਨਤਾ ਪ੍ਰਾਪਤ ਅਤੇ ਕਾਂਸਟੀਚੂਐਂਟ ਕਾਲਜਾਂ ਦੇ 200 ਤੋਂ ਵੱਧ ਅਧਿਆਪਨ ਅਤੇ ਦਫ਼ਤਰੀ ਸਟਾਫ਼ ਨੇ ਅੱਖਰ 2021 ਅਤੇ ਪੰਜਾਬੀ ਕੰਪਿਊਟਿੰਗ ਬਾਰੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਅਤੇ ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕਾਲਜ ਸਟਾਫ਼ ਨੂੰ ਪੰਜਾਬੀ ਕੰਪਿਊਟਿੰਗ ਨਾਲ ਸਬੰਧਤ ਵੱਖ-ਵੱਖ ਮਸਲਿਆਂ ਤੋਂ ਜਾਣੂ ਕਰਵਾਉਣਾ ਅਤੇ ਪੰਜਾਬੀ ਵਰਤੋਂਕਾਰਾਂ ਨੂੰ ਕੰਪਿਊਟਰਾਂ ‘ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਯੂਨੀਕੋਡ ਆਧਾਰਿਤ ਪੰਜਾਬੀ ਵਰਡ ਪ੍ਰੋਸੈੱਸਰ, ਅੱਖਰ 2021 ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਬਾਰੇ ਸਿਖਲਾਈ ਦੇਣਾ ਸੀ।

ਡਾ. ਗੁਰਪ੍ਰੀਤ ਸਿੰਘ ਲਹਿਲ, ਡੀਨ ਕਾਲਜਿਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ, ਪੰਜਾਬੀ ਭਾਸ਼ਾ ਲਈ ਅੱਖਰ-2021 ਵਿੱਚ ਪ੍ਰਦਾਨ ਕੀਤੀਆਂ ਗਈਆਂ ਵਿਸ਼ੇਸ਼ ਸਹੂਲਤਾਂ ਜਿਵੇਂ ਕਿ ਪੰਜਾਬੀ ਦੀ ਰੋਮਨਾਈਜ਼ਡ ਟਾਈਪਿੰਗ, ਆਟੋ-ਕਰੈਕਟ, ਆਟੋਕੰਪਲੀਟ, ਫੌਂਟ ਕਨਵਰਟਰ, ਸਪੈੱਲ ਚੈੱਕਰ, ਡਿਕਸ਼ਨਰੀਆਂ, ਏ.ਆਈ. ਆਧਾਰਿਤ ਬਹੁ-ਭਾਸ਼ਾਈ ਸਰਚ ਅਤੇ ਲਿਪੀਅੰਤਰਨ ਸੇਵਾਵਾਂ ਤੋਂ ਜਾਣੂ ਕਰਵਾਇਆ। ਡਾ: ਲਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਪਹਿਲਾਂ ਹੀ ਅੱਖਰ-2021 ਇੰਸਟਾਲ ਕੀਤਾ ਜਾ ਰਿਹਾ ਹੈ ਅਤੇ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕਾਲਜ ਸਟਾਫ਼ ਨੂੰ ਅੱਖਰ-2021 ਨੂੰ ਆਪਣੇ ਕਾਲਜਾਂ ਦੇ ਕੰਪਿਊਟਰਾਂ ਵਿੱਚ ਇੰਸਟਾਲ ਕਰਨ ਅਤੇ ਵਰਡ ਪ੍ਰੋਸੈੱਸਿੰਗ ਲਈ ਇਸਨੂੰ ਵਰਤਣ ਦੀ ਸਿਖਲਾਈ ਦੇਣਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਭਾਸ਼ਾ ਅਤੇ ਲਿਪੀ ਦੇ ਵਿਕਾਸ, ਪ੍ਰਸਾਰ ਅਤੇ ਲੋਕਪ੍ਰਿਅਤਾ ਲਈ ਇਹਨਾਂ ਦੇ ਤਕਨੀਕੀ ਵਿਕਾਸ ਦੀ ਆਵੱਸ਼ਕਤਾ ਉੱਤੇ ਬਲ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਵਿੱਚ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਇਸ ਦਿਸ਼ਾ ਵਿੱਚ ਅੱਖਰ 2021 ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਕੰਪਿਊਟਰਾਂ ‘ਤੇ ਪੰਜਾਬੀ ਵਰਤੋਂਕਾਰਾਂ ਨੂੰ ਦਰਪੇਸ਼ ਆਮ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦਿੱਤੇ ਗਏ। ਇਹ ਸਿਖਲਾਈ ਡਾ: ਤਜਿੰਦਰ ਸਿੰਘ ਸੈਣੀ ਅਤੇ ਡਾ: ਅੰਕੁਰ ਰਾਣਾ ਦੁਆਰਾ ਦਿੱਤੀ ਗਈ, ਜਿਨ੍ਹਾਂ ਕੋਲ ਪੰਜਾਬੀ ਸਾਫਟਵੇਅਰ ਡਿਵੈੱਲਪਮੈਂਟ ਦਾ ਭਰਪੂਰ ਤਜ਼ਰਬਾ ਹੈ। ਸਮਾਪਤੀ ਸੈਸ਼ਨ ਵਿੱਚ, ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਂਸਟੀਚੂਐਂਟ ਕਾਲਜਾਂ ਦੇ ਡਾਇਰੈਕਟਰ ਡਾ: ਤ੍ਰਿਸ਼ਨਜੀਤ ਕੌਰ ਨੇ ਸਰਟੀਫਿਕੇਟ ਵੰਡੇ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਉਦਘਾਟਨੀ ਸੈਸ਼ਨ ਦਾ ਸੰਚਾਲਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਵਿਖੇ ਅਸਿਸਟੈਂਟ ਪ੍ਰੋਫੈਸਰ ਡਾ: ਹਰਵਿੰਦਰ ਪਾਲ ਕੌਰ ਨੇ ਕੀਤਾ।

Leave a Reply

Your email address will not be published. Required fields are marked *