ਸਫ਼ਦਰ ਹਾਸ਼ਮੀ ਨੂੰ ਸਮਰਪਿਤ ਨੁੱਕੜ ਨਾਟਕ ਦਿਵਸ ਮਨਾਇਆ ਗਿਆ।
ਪਟਿਆਲਾ, 12 ਅਪ੍ਰੈਲ (ਮਧੂਸਾਰ ਬਿਊਰੋ) :- ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਨਟਰਾਜ ਆਰਟਸ ਥੀਏਟਰ (ਰਜਿ.)ਪਟਿਆਲ਼ਾ ਵੱਲੋਂ ਉੱਘੇ ਰੰਗਕਰਮੀ ਅਤੇ ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਕੇ.ਕੇ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਰੋਡ ਪਟਿਆਲਾ ਵਿਖੇ ਰਾਸ਼ਟਰੀ ਨੁੱਕੜ ਨਾਟਕ ਦਿਵਸ ਨੂੰ ਸਮਰਪਿਤ ਨੁੱਕੜ ਨਾਟਕ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਉੱਘੇ ਨਾਟਕਕਾਰ, ਕਲਾਕਾਰ, ਨਿਰਦੇਸ਼ਕ, ਆਲੋਚਕ, ਸਾਹਿਤਕਾਰ ਅਤੇ ਰੰਗਮੰਚ ਚਿੰਤਕ ਵੱਜੋਂ ਜਾਣੇ ਜਾਂਦੇ ਮਰਹੂਮ ਸਫ਼ਦਰ ਹਾਸ਼ਮੀ ਦੀ ਜਨਮਜਯੰਤੀ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਰੰਗਮੰਚ ਦੇ ਕਲਾਕਾਰਾਂ ਵੱਲੋਂ ਜਿੱਥੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ ਉੱਥੇ ਨਾਲ ਹੀ ਉਹਨਾਂ ਵੱਲੋਂ ਦਰਸਾਏ ਮਾਰਗ ਨੂੰ ਅਪਣਾਉਂਦੇ ਹੋਏ ਰਾਸ਼ਟਰੀ ਨੁੱਕੜ ਨਾਟਕ ਦਾ ਆਯੋਜਨ ਵਿਸ਼ੇਸ਼ ਰੂਪ ਵਿੱਚ ਕੀਤਾ ਗਿਆ। 12 ਅਪ੍ਰੈਲ ਨੂੰ ਸਾਰੇ ਭਾਰਤ ਵਿੱਚ ਆਯੋਜਿਤ ਕੀਤੇ ਗਏ ਰਾਸ਼ਟਰੀ ਨੁੱਕੜ ਨਾਟਕ ਦਿਵਸ ਦੇ ਰੂਪ ਵਿੱਚ ਨਟਰਾਜ ਆਰਟਸ ਥੀਏਟਰ ਦੇ ਕਲਾਕਾਰਾਂ ਨੇ “ਗਿਰਗਿਟ” ਅਤੇ “ਹੁਣ ਤਾਂ ਸੁਧਰੋ ਯਾਰੋ” ਨਾਟਕਾਂ ਦਾ ਮੰਚਨ ਕੀਤਾ।
ਰਾਸ਼ਟਰੀ ਨੁੱਕੜ ਨਾਟਕ ਦਿਵਸ ਦੇ ਮੌਕੇ ਇੰਜੀਨੀਅਰ ਐਚ.ਐਸ. ਕੁਲਾਰ ਨੇ ਸਫ਼ਦਰ ਹਾਸ਼ਮੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੁੱਕੜ ਨਾਟਕ ਦੀ ਮਹੱਤਤਾ ਅਤੇ ਕਲਾਕਾਰਾਂ ਦੇ ਉੱਧਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੁੱਕੜ ਨਾਟਕ ਸਹੀ ਅਰਥਾਂ ਵਿੱਚ ਲੋਕਾਂ ਨੂੰ ਨਾਲ ਜੋੜਦਾ ਹੈ। ਜਿਸ ਨਾਲ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਠੱਲ ਪਾਈ ਜਾ ਸਕਦੀ ਹੈ। ਪ੍ਰਸਿੱਧ ਪੰਜਾਬੀ ਨਾਟਕਕਾਰ ਮਰਹੂਮ ਕਪੂਰ ਸਿੰਘ ਘੁੰਮਣ ਦੇ ਸਪੁੱਤਰ ਅਤੇ ਪ੍ਰਸਿੱਧ ਰੰਗਕਰਮੀ ਅਤੇ ਨਾਟਕ ਨਿਰਦੇਸ਼ਕ ਰਮਣੀਕ ਘੁੰਮਣ ਨੇ ਸਫ਼ਦਰ ਹਾਸ਼ਮੀ ਦੇ ਸੰਘਰਸ਼ਮਈ ਜੀਵਨ ਅਤੇ ਰੰਗਮੰਚ ਨੂੰ ਦਿੱਤੀਆਂ ਗਈਆਂ ਵਡਮੁੱਲੀਆਂ ਸੇਵਾਵਾਂ ਦਾ ਜਿਕਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਫ਼ਦਰ ਹਾਸ਼ਮੀ ਦੀ ਪ੍ਰੇਰਨਾ ਨਾਲ ਅੱਜ ਬਹੁਤ ਸਾਰੇ ਰੰਗਕਰਮੀ ਨੁੱਕੜ ਨਾਟਕ ਨੂੰ ਵਧੇਰੇ ਪ੍ਰਫੁੱਲਿਤ ਕਰਨ ਵਿੱਚ ਜੁੱਟੇ ਹੋਏ ਹਨ। ਉਹਨਾਂ ਨੁੱਕੜ ਨਾਟਕ ਮੇਲੇ ਦੀ ਸਫਲਤਾ ਲਈ ਪੰਜਾਬ ਸੰਗੀਤ ਨਾਟਕ ਅਕਾਦਮੀ ਪ੍ਰਧਾਨ ਕੇਵਲ ਧਾਲੀਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਰਾਸ਼ਟਰੀ ਨੁੱਕੜ ਨਾਟਕ ਦਿਵਸ ਦੇ ਮੌਕੇ ਮੈਡਮ ਹਰਜੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਰੰਗਮੰਚ ਦੀਆਂ ਗਤੀਵਿਧੀਆਂ ਵਿੱਚ ਵਧੇਰੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਰੰਗਮੰਚ ਦੇ ਮਿਆਰ ਨੂੰ ਉੱਚਾ ਚੱਕਿਆ ਜਾ ਸਕੇ। ਉਹਨਾਂ ਇਸ ਮੌਕੇ ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।

