ਅਮਰੂਦਾਂ ਦੇ ਪੁਰਾਣੇ ਬਾਗ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਿੱਤੀ ਜਾਂਦੀ ਹੈ ਸਬਸਿਡੀ
ਅਮਰੂਦ ਦੇ ਬੂਟਿਆਂ ਦਾ ਹੈਡਬੈਕ ਕਰਨ ਲਈ ਮਾਰਚ ਦਾ ਮਹੀਨਾ ਢੁਕਵਾਂ : ਡਾ. ਮਾਨ
ਪਟਿਆਲਾ, 6 ਮਾਰਚ (ਮਧੂਸਾਰ ਬਿਊਰੋ) ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਅਮਰੂਦਾਂ ਦੇ ਬਾਗ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਨਾਲ-ਨਾਲ ਫਲਾਂ ਦੀ ਖੇਤੀ ਵੱਲ ਉਤਸ਼ਾਹਤ ਕਰਨ ਲਈ ਸਮੇਂ-ਸਮੇਂ ਉਪਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਲਾਂ ਦੇ ਬਾਗ਼ਾਂ ਤੋਂ ਕਿਸਾਨ ਰਵਾਇਤੀ ਫ਼ਸਲਾਂ ਨਾਲੋਂ ਜ਼ਿਆਦਾ ਕਮਾਈ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਪਾਸੋਂ ਫਲਾਂ ਦੀ ਕਾਸ਼ਤ ਸਬੰਧੀ ਮਿਲਦੇ ਲਾਭ ਬਾਰੇ ਜਾਣਕਾਰੀ ਲੈਣ ਲਈ ਬਾਗ਼ਬਾਨੀ ਵਿਭਾਗ ਨਾਲ ਸੰਪਰਕ ਕਰਕੇ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ।
ਉਨ੍ਹਾਂ ਬਾਗ਼ਬਾਨੀ ਵਿਭਾਗ ਦੇ ਉਪ ਡਾਇਰੈਕਟਰ ਬਾਗ਼ਬਾਨੀ ਪਟਿਆਲਾ ਡਾ. ਸਵਰਨ ਸਿੰਘ ਮਾਨ ਨੂੰ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਕੇ ਬਾਗ਼ਬਾਨੀ ਵੱਲ ਉਤਸ਼ਾਹਤ ਕਰਨ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਕਿ ਉਹ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਣ।
ਬਾਗ਼ਬਾਨੀ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਾਨ ਨੇ ਦੱਸਿਆਂ ਕਿ ਮਾਰਚ ਦਾ ਮਹੀਨਾ ਅਮਰੂਦਾਂ ਦੇ ਬੂਟਿਆਂ ਲਈ ਬੜਾ ਲਾਭਦਾਇਕ ਹੈ ਜੋ 15 ਤੋਂ 20 ਸਾਲ ਪੁਰਾਣੇ ਹੋ ਗਏ ਹਨ ਉਨ੍ਹਾਂ ਨੂੰ ਵੰਡਣ ਦਾ ਜਗ੍ਹਾ ਮੁੜ ਸੁਰਜੀਤ ਕਰਨ ਲਈ ਮਾਰਚ ਦਾ ਮਹੀਨਾ ਬਹੁਤ ਹੀ ਢੁਕਵਾਂ ਹੈ। ਉਨ੍ਹਾਂ ਦੱਸਿਆਂ ਕਿ ਪੁਰਾਣੇ ਅਮਰੂਦ ਦੇ ਬੂਟੇ ਨੂੰ 1.5 ਮੀਟਰ ਦੀ ਉਚਾਈ ਤੋਂ ਹੈਡਬੈਕ ਮਾਰਚ ਮਹੀਨੇ ਵਿੱਚ ਕਰ ਦੇਣਾ ਚਾਹੀਦਾ ਹੈ। ਹੈਡਬੈਕ ਕਰਨ ਉਪਰੰਤ ਕੱਟੀ ਹੋਈ ਥਾਂ ਉਤੇ ਬਲਾਈਟੋਕਸ ਜਾਂ ਬੋਰਡੋਮਿਕਚਰ ਦਾ ਗਾੜ੍ਹਾ ਘੋਲ ਲਗਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਗਰਮੀ ਮਹੀਨੇ ਵਿੱਚ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਤਾਰ ਦਿੰਦੇ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਬੂਟਿਆਂ ਨੂੰ ਖਾਦ ਮਈ-ਜੂਨ ਅਤੇ ਸਤੰਬਰ-ਅਕਤੂਬਰ ਦੇ ਮਹੀਨੇ ਪਾ ਦੇਣੀ ਚਾਹੀਦੀ ਹੈ।
ਡਾ. ਮਾਨ ਨੇ ਦੱਸਿਆਂ ਕਿ ਪੁਰਾਣੇ ਅਮਰੂਦ ਦੇ ਬੂਟੇ ਨੂੰ ਜਿਸ ਦਾ ਹੈਡਬੈਕ ਕੀਤਾ ਹੈ ਉਸਨੂੰ ਮੌਜੂਦਾ ਗਰਮੀ ਦੇ ਮੌਸਮ ਦੌਰਾਨ ਫਲ ਨਹੀਂ ਲੱਗੇਗਾ ਅਤੇ ਸਰਦੀਆਂ ਦੇ ਮੌਸਮ ਦੌਰਾਨ ਥੋੜ੍ਹਾ ਫਲ ਲੱਗੇਗਾ ਅਤੇ ਉਸ ਤੋਂ ਬਾਅਦ ਅਗਲੇ ਸਾਲ ਤੋਂ ਲਗਾਤਾਰ ਅਮਰੂਦ ਦਾ ਬੂਟਾ ਫਲ ਦੇਣਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਅਮਰੂਦ ਦੇ ਪੁਰਾਣੇ ਹੋ ਚੁੱਕੇ ਬੂਟਿਆਂ ਨੂੰ ਪੁੱਟਕੇ ਸੁੱਟਣ ਦੀ ਜਗ੍ਹਾ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਕਿਉਂਕਿ ਇਹ ਜ਼ਿਆਦਾ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਸਾਨ ਭਰਾ ਆਪਣੇ ਬਲਾਕ ਦੇ ਬਾਗ਼ਬਾਨੀ ਵਿਕਾਸ ਅਫ਼ਸਰ ਜਾਂ ਜ਼ਿਲ੍ਹਾ ਪੱਧਰ ਤੇ ਉਪ ਡਾਇਰੈਕਟਰ ਬਾਗ਼ਬਾਨੀ ਨਾਲ ਸੰਪਰਕ ਕਰ ਸਕਦੇ ਹਨ।

