ਪਟਿਆਲਾ

ਮਾਲ ਸੁਵਿਧਾ ਕੈਂਪਾਂ ਨੂੰ ਭਰਵਾਂ ਹੁੰਗਾਰਾ, ਮੌਕੇ ‘ਤੇ ਦਰਜ ਕੀਤੇ 295 ਇੰਤਕਾਲ-ਸਾਕਸ਼ੀ ਸਾਹਨੀ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਤੱਕ ਬਣਾ ਰਿਹਾ ਹੈ ਸਿੱਧੀ ਪਹੁੰਚ-ਡੀ.ਸੀ.

ਪਟਿਆਲਾ, 12 ਅਪ੍ਰੈਲ: (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਦੇ ਆਮ ਲੋਕਾਂ ਤੱਕ ਸਿੱਧੀ ਪਹੁੰਚ ਬਣਾ ਰਿਹਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਮਾਲ ਵਿਭਾਗ, ਪਟਿਆਲਾ ਵੱਲੋਂ ਜ਼ਿਲ੍ਹੇ ਦੇ 5-5 ਪਟਵਾਰ ਸਰਕਲਾਂ ਦੇ ਮਾਲ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਸਬ ਡਵੀਜ਼ਨਾਂ ਵਿੱਚ ਲਗਾਏ ਗਏ ਮਾਲ ਸੁਵਿਧਾ ਕੈਂਪਾਂ ‘ਚ 295 ਇੰਤਕਾਲ ਮੌਕੇ ‘ਤੇ ਹੀ ਦਰਜ ਕੀਤੇ ਗਏ। ਇਸ ਤੋਂ ਇਲਾਵਾ ਕੈਂਪਾਂ ਵਾਲੇ ਪਿੰਡਾਂ ਦੇ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਫੁਟਕਲ ਕੰਮਾਂ, ਜਿਵੇ ਫ਼ਰਦ ਦੇਣੀ ਸਮੇਤ ਹੋਰ ਕੰਮਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ।

ਇਨ੍ਹਾਂ ਕੈਂਪ ‘ਚ ਮੌਕੇ ‘ਤੇ ਹੀ ਆਪਣੇ ਇੰਤਕਾਲ ਦਰਜ ਹੋਏ ਦੇਖ ਕੇ ਲਾਭਪਾਤਰੀਆਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ, ”ਬਿਨ੍ਹਾਂ ਕਿਸੇ ਰਿਸ਼ਵਤ ਦੇ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੇ ਇੰਤਕਾਲ ਤੁਰੰਤ ਦਰਜ ਹੋਏ ਹਨ।” ਡੀ.ਸੀ. ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਪਟਿਆਲਾ ਸਬ ਡਵੀਜ਼ਨ ਦੇ ਪਿੰਡ ਧਭਲਾਨ ਪਟਵਾਰ ਸਰਕਲ ਦੇ ਮਾਲ ਸੁਵਿਧਾ ਕੈਂਪ ‘ਚ ਐਸ.ਡੀ.ਐਮ. ਚਰਨਜੀਤ ਸਿੰਘ ਤੇ ਤਹਿਸੀਲਦਾਰ ਰਾਮ ਕਿਸ਼ਨ ਦੀ ਟੀਮ ਵੱਲੋਂ ਮੌਕੇ ‘ਤੇ 53 ਇੰਤਕਾਲ ਅਤੇ 4 ਫ਼ਰਦ ਬਦਰਾਂ ਦਾ ਕੰਮ ਨਿਪਟਾਇਆ ਗਿਆ। ਸਮਾਣਾ ਦੇ ਤਹਿਸੀਲਦਾਰ ਗੁਰਲੀਨ ਕੌਰ ਵੱਲੋਂ ਤਲਵੰਡੀ ਮਲਿਕ ਪਟਵਾਰ ਸਰਕਲ ਵਿਖੇ ਲਗਾਏ ਮਾਲ ਸੁਵਿਧਾ ਕੈਂਪ ਵਿਖੇ ਮੌਕੇ ‘ਤੇ ਹੀ 60 ਇੰਤਕਾਲ ਦਰਜ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਨਾਭਾ ਦੇ ਤਹਿਸੀਲਦਾਰ ਰਣਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਪਿੰਡ ਮੱਲੇਵਾਲ ਅਤੇ ਦੁਲੱਦੀ ਵਿਖੇ ਮਾਲ ਸੁਵਿਧਾ ਕੈਂਪ ਲਗਾਏ, ਜਿੱਥੇ 132 ਇੰਤਕਾਲ ਦਰਜ ਕੀਤੇ ਗਏ। ਰਾਜਪੁਰਾ ਦੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਨੇ ਪੱਬਰੀ ਪਟਵਾਰ ਸਰਕਲ ਵਿਖੇ ਲਗਾਏ ਕੈਂਪ ‘ਚ 50 ਇੰਤਕਾਲ ਦਰਜ ਕੀਤੇ।

Leave a Reply

Your email address will not be published. Required fields are marked *