ਫਿਲਪਾਈਨ ਦੇ ਦਰਿਆਵਾਂ ਨੂੰ ਸਾਫ ਕਰਨ ਤੇ ਬਾਬੇ ਨਾਨਕ ਦੀ ਵੇਈਂ ਦੀ ਸਫਾਈ ਦੀ ਉਚ ਪੱਧਰੀ ਮੀਟਿੰਗ ਵਿੱਚ ਹੋਈ ਚਰਚਾ
ਫਿਲਪਾਈਨ ਦੇ ਵਾਤਾਵਰਣ ਤੇ ਕੁਦਰਤੀ ਸਰੋਤ ਵਿਭਾਗ ਦੇ ਅੰਡਰ ਸੈਕਟਰੀ ਵੱਲੋਂ ਸੰਤ ਸੀਚੇਵਾਲ ਨਾਲ ਮੀਟਿੰਗ
ਫਿਲਪਾਈਨ ਦੀਆਂ ਸਟੇਟਾਂ ਵਿੱਚ ਸੀਚੇਵਾਲ ਮਾਡਲ ਲਾਗੂ ਕਰਨ ਦੀਆਂ ਤਲਾਸ਼ੀਆਂ ਜਾਣਗੀਆਂ ਸੰਭਾਵਨਾਵਾਂ
ਸੁਲਤਾਨਪੁਰ ਲੋਧੀ, 12 ਅਪ੍ਰੈਲ (ਮਧੂਸਾਰ ਬਿਊਰੋ) ਫਿਲਪਾਈਨ ਦੇ ਵਾਤਾਵਰਣ ਅਤੇ ਕੁਦਰਤੀ ਸਰੋਤ ਵਿਭਾਗ ਦੇ ਅੰਡਰ ਸੈਕਟਰੀ ਜੁਆਨ ਮਿਗੁਏਲ ਟੀਕੁਨਾ ਸੀਸੋ ਤੇ ਉਨ੍ਹਾਂ ਦੇ ਵਿਭਾਗ ਦੇ ਸਹਾਇਕ ਸਕੱਤਰ, ਨੈਸ਼ਨਲ ਕੈਪੀਟਲ ਮਨੀਲਾ ਦੇ ਵਾਤਾਵਰਣ ਅਤੇ ਕੁਦਰਤੀ ਸਰੋਤ ਵਿਭਾਗ ਦੇ ਡਾਇਰੈਕਟਰ ਤੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਚਲੇ ਦੋਹਾਂ ਦੇਸ਼ਾਂ ਵਿੱਚ ਪਾਣੀ ਦੇ ਕੁਦਰਤੀ ਸੋਮਿਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਹੋਈ ਮੀਟਿੰਗ ਦੌਰਾਨ ਜਿੱਥੇ ਡੂੰਘੀ ਚਿੰਤਾ ਪ੍ਰਗਟਾਈ ਗਈ ਉਥੇ ਇਸ ਦੇ ਹੱਲ ਅਤੇ ਪਾਣੀਆਂ ਦੇ ਸੋਮਿਆਂ ਨੂੰ ਬਚਾਉਣ ਲਈ ਲੋਕਾਂ ਦੀ ਸ਼ਮਾਲੂੀਅਤ ਬਾਰੇ ਵਿਚਾਰ ਚਰਚਾ ਕੀਤੀ।ਇਸ ਮੌਕੇ ਹੋਈ ਇਸ ਮੀਟਿੰਗ ਵਿਚ ਦੋਹਾਂ ਦੇਸ਼ਾਂ ਵਿੱਚ ਪਾਣੀ ਦੇ ਸਾਫ਼ ਕੀਤੇ ਗਏ ਸੋਮਿਆਂ ਬਾਰੇ ਚਰਚਾ ਕੀਤੀ ਗਈ।
ਇਸ ਦੌਰਾਨ ਫਿਲਪਾਈਨ ਦੇ ਵਾਤਾਵਰਣ ਅਤੇ ਕੁਦਰਤੀ ਸਰੋਤ ਵਿਭਾਗ ਦੇ ਅੰਡਰ ਸੈਕਟਰੀ ਨੇ ਦੱਸਿਆ ਕਿ ਉਹ ਇਥੋਂ ਦੀਆਂ ਵੱਖ-ਵੱਖ ਸਟੇਟਾਂ ਦੇ ਛੋਟੇ ਪਿੰਡਾਂ ਵਿੱਚ ਸੀਚੇਵਾਲ ਮਾਡਲ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਤਾਲਸ਼ਣ ਲਈ ਲੱਗੇ ਹੋਏ ਹਨ ਇਸ ਸਬੰਧੀ ਉਹ ਉਚ ਅਧਿਕਾਰੀਆਂ ਦੀ ਕੌਮੀ ਪੱਧਰ ਮੀਟਿੰਗ ਜਲਦੀ ਸੱਦਣਗੇ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਫਿਲਪਾਈਨ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਇਹ ਪਹਿਲੀ ਮੀਟਿੰਗ ਸੀ ਜਿਸ ਵਿੱਚ ਸੀਚੇਵਾਲ ਮਾਡਲ ਬਾਰੇ ਚਰਚਾ ਹੋਈ। ਮੀਟਿਮਗ ਦੌਰਾਨ ਸੰਤ ਸੀਚੇਵਾਲ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਸ ਮਾਡਲ ਰਾਹੀ ਇੱਕ ਪਿੰਡ ਦੇ ਗੰਦੇ ਪਾਣੀ ਨੂੰ ਸੋਧਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਇਹ ਮੀਟਿੰਗ ਫਿਲਪੀਨੋ-ਇੰਡੀਅਨ ਕਾਮਰਸ ਅਤੇ ਵੈਲਫੇਅਰ ਸੁਸਾਇਟੀ ਦੇ ਟੱਰਸਟੀ ਮੈਂਬਰ ਜਗਮੋਹਣ ਸਿੰਘ ਤੰਬੜ ਅਤੇ ਦੇਵ ਸਿੰਘ ਦੇ ਯਤਨਾਂ ਸਦਕਾ ਕਰਵਾਈ ਗਈ।
ਸੰਤ ਸੀਚੇਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਫਿਲਪਾਈਨ ਵਿੱਚ ਸਾਫ਼ ਕੀਤੇ ਗਏ ਦਰਿਆਵਾਂ ਦੀ ਵੀਡੀਓ ਦਿਖਾਈ ਗਈ। ਇਸ ਵੀਡਿਉ ਰਾਹੀ ਉਹਨਾਂ ਦੇਖਿਆ ਕਿ ਸਫਾਈ ਦੌਰਾਨ ਦਰਿਆ ਵਿੱਚ ਤਰਦੀਆਂ ਚੀਜ਼ਾਂ ਨੂੰ ਤਾਂ ਬਾਹਰ ਕੱਢਿਆ ਜਾ ਰਿਹਾ ਸੀ ਪਰ ਪਾਣੀ ਨੂੰ ਸਾਫ਼ ਕਰਨ ਲਈ ਅਜੇ ਉਥੇ ਟਰੀਟਮੈਂਟ ਪਲਾਂਟ ਨਹੀਂ ਲੱਗੇ ਸਨ। ਇਸ ਮੀਟਿੰਗ ਦੌਰਾਨ ਸੰਤ ਸੀਚੇਵਾਲ ਜੀ ਵੱਲੋਂ ਦਸਤਾਵੇਜੀ ਫਿਲਮ ਦਿਖਾਈ ਗਈ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੌਰਾਨ 22 ਸਾਲਾਂ ਵਿੱਚ ਸੰਗਤਾਂ ਦੇ ਸਹਿਯੋਗ ਨਾਲ 165 ਕਿਲੋਮੀਟਰ ਲੰਬੀ ਨਦੀਂ ਨੂੰ ਸਾਫ ਕੀਤਾ ਗਿਆ ਤੇ ਇਸ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਬੰਦ ਕਰਨ ਦੀ ਬਜਾਏ ਉਸਦਾ ਹੱਲ ਲੱਭਦਿਆਂ ਸੀਚੇਵਾਲ ਮਾਡਲ ਰਾਹੀ ਪਾਣੀ ਨੂੰ ਸੋਧਕੇ ਖੇਤੀ ਲਈ ਲਗਾਇਆ ਜਾਣ ਲੱਗ ਗਿਆ ਸੀ। ਵੇਈਂ ਦੀ ਮੁੜ ਸੁਰਜੀਤੀ ਹੋਣ ‘ਤੇ ਉਸ ਵੇਲੇ ਦੇ ਰਾਸ਼ਟਰਪਤੀ ਡਾ: ਏਪੀ ਜੇ ਅਬਦੁਲ ਕਲਾਮ ਦੇ ਆਉਣ ਨਾਲ ਕਿਵੇਂ ਇਹ ਨਦੀਂ ਦੇਸ਼ ਦੇ ਦੂਜੇ ਦਰਿਆਵਾਂ ਨੂੰ ਸਾਫ ਕਰਨ ਦਾ ਮਾਡਲ ਬਣ ਗਈ ਸੀ। ਇਹ ਸਾਰਾ ਕੁਝ ਦੇਖਕੇ ਅੰਡਰ ਸੈਕਟਰੀ ਜੁਆਨ ਮਿਗੁਏਲ ਟੀਕੁਨਾ ਸੀਸੋ ਨੇ ਸੰਤ ਸੀਚੇਵਾਲ ਦੇ ਕੰਮਾਂ ਦੀ ਸਲਾਂਘਾ ਕੀਤੀ ਤੇ ਭਵਿੱਖ ਵਿੱਚ ਉਨ੍ਹਾਂ ਦੀ ਫਿਲਪਾਇਨ ਫੇਰੀ ਦੌਰਾਨ ਵਾਤਾਵਰਣ ਦੇ ਖੇਤਰ ਵਿੱਚ ਸਹਿਯੋਗ ਕਰਦੇ ਰਹਿਣ ਦੀ ਉਮੀਦ ਪ੍ਰਗਟਾਈ। ਉਹਨਾਂ ਕਿਹਾ ਕਿ ਉਹ ਫਿਲਪਾਈਨ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸੰਤ ਸੀਚੇਵਾਲ ਦਾ ਕਿਵੇਂ ਸਹਿਯੋਗ ਲਿਆ ਜਾ ਸਕਦਾ ਇਸ ਬਾਰੇ ਉਹ ਆਉਣ ਵਾਲੇ ਦਿਨਾਂ ਵਿੱਚ ਉਚ ਪੱਧਰੀ ਮੀਟਿੰਗ ਕਰਕੇ ਫੈਸਲਾ ਲੈਣਗੇ।

