ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਆਪਣੇ ਵਿਦਿਆਰਥੀਆਂ ਅਤੇ ਕੋਚਾਂ ਦਾ ਸਨਮਾਨ
ਪਟਿਆਲਾ 15 ਅਪੈਲ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣੇ ਵਿਦਿਆਰਥੀਆਂ, ਜਿਨ੍ਹਾਂ ਨੇ ਆਰਚਰੀ ਖੇਡ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾ ਸਿਰਫ਼ ਕਾਲਜ ਦਾ ਬਲਕਿ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਵਾਲੇ ਕੋਚ ਸ਼੍ਰੀ ਗੌਰਵ ਸ਼ਰਮਾ ਅਤੇ ਸ. ਸੁਰਿੰਦਰ ਸਿੰਘ, ਨੂੰ 11-11 ਹਜ਼ਾਰ ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਸ ਮੌਕੇ ਉੱਚ ਕਿਸਮ ਦੇ ਤੀਰ_ਕਮਾਨ ਸਨਮਾਨ ਵਜੋਂ ਦਿੱਤੇ ਗਏ।
ਇਹ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਪੂਜਾ ਜਿਸ ਨੇ ਕਿ ਪੈਰਾ ਵਰਲਡ ਚੈਂਪੀਅਨਸਸ਼ਿਪ ਜੋ ਕਿ ਦੁਬਈ ਵਿਖੇ ਹੋਈ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, ਅਮਨ ਸੈਣੀ ਜਿਸ ਨੇ ਦੁਬਈ ਵਿਖੇ ਹੋਏ ਏਸ਼ੀਅਨ ਕੱਪ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, ਸੰਗਮਪ੍ਰੀਤ ਬੀਸਲਾ ਜਿਸ ਨੇ ਸਪੇਨ ਵਿਖੇ ਹੋਈ ਵਰਲਡ ਯੂਥ ਆਰਚਰੀ ਚੈਂਪੀਅਨਸਸ਼ਿਪ ਅਤੇ ਯੂ ਐੱਸ ਏ ਵਿਖੇ ਹੋਈ ਵਰਲਡ ਆਰਚਰੀ ਚੈਂਪੀਅਨਸਸ਼ਿਪ ਵਿੱਚ ਬਰੌਜ਼ ਮੈਡਲ ਪ੍ਰਾਪਤ ਕੀਤਾ, ਤਨਿਸ਼ਾ ਵਰਮਾ ਜਿਸ ਨੇ ਪੋਲੈਂਡ ਵਿਖੇ ਯੂਥ ਵਰਲਡ ਚੈਂਪੀਅਨਸਸ਼ਿਪ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, ਪ੍ਰਭਜੋਤ ਕੌਰ ਜਿਸ ਨੇ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਵਿਨਾਇਕ ਵਰਮਾ ਜਿਸ ਨੇ ਬੰਗਲਾਦੇਸ਼ ਵਿਖੇ ਸਾਊਥ ਏਸ਼ੀਅਨ ਗੇਮਜ਼ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।
ਇਸ ਮੌਕੇ ਸ. ਸੁਰਜੀਤ ਸਿੰਘ ਰੱਖੜਾ, ਆਨਰੇਰੀ ਸਕੱਤਰ, ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਅਕਾਦਮਿਕਤਾ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਚੰਗਾ ਨਾਮ ਕਮਾ ਰਿਹਾ ਹੈ। ਉਨ੍ਹਾਂ ਸਨਮਾਨਿਤ ਕੀਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਕੀਤੇ ਜਾਂਦੇ ਕਾਰਜ ਵਿਚ ਪਰਮਾਤਮਾ ਖੁਦ ਸਹਾਈ ਹੁੰਦਾ ਹੈ ਆਪਣੇ ਅਧਿਆਪਕ ਅਤੇ ਕੋਚਾਂ ਵੱਲੋਂ ਦਿੱਤੀ ਸਿਖਲਾਈ ਨੂੰ ਹਾਸਲ ਕਰਕੇ ਅਸੀਂ ਉੱਚ ਦਰਜੇ ਦੀਆਂ ਪ੍ਰਾਪਤੀਆਂ ਕਰ ਸਕਦੇ ਹਾਂ।
ਸ. ਸਤਵਿੰਦਰ ਸਿੰਘ ਟੌਹੜਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਕਾਲਜ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਦਾ ਵਿਸ਼ੇਸ ਧਿਆਨ ਰੱਖਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੰਗੀ ਸਿਖਲਾਈ ਅਤੇ ਅਧਿਆਪਕਾਂ ਦੀ ਰਹਿਨੁਮਾਈ ਹਮੇਸਾਂ ਹੀ ਵਿਦਿਆਰਥੀਆਂ ਲਈ ਉੱਚ ਦਰਜੇ ਦੀ ਪ੍ਰਾਪਤੀ ਕਰਨ ਵਿਚ ਮਦਦਗਾਰ ਰਹਿੰਦੀ ਹੈ।
ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਖ਼ਾਲਸਾ ਕਾਲਜ ਦੀ ਤਰਜੀਹ ਹਮੇਸ਼ਾਂ ਹੀ ਉਸ ਦੇ ਵਿਦਿਆਰਥੀ ਰਹੇ ਹਨ। ਖੇਡਾਂ ਦੇ ਖੇਤਰ ਵਿੱਚ ਖ਼ਾਲਸਾ ਕਾਲਜ ਨੇ ਹਮੇਸ਼ਾਂ ਹੀ ਭਾਰਤ ਨੂੰ ਉੱਚ ਦਰਜੇ ਦੇ ਖਿਡਾਰੀ ਦਿੱਤੇ, ਜਿਨ੍ਹਾਂ ਨੇ ਕਾਲਜ ਦਾ ਹੀ ਨਹੀਂ ਬਲਕਿ ਦੇਸ਼ ਦਾ ਨਾਮ ਦੁਨੀਆ ਵਿਚ ਰੌਸ਼ਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਵਿਦਿਆਰਥੀ ਉੱਚ ਦਰਜੇ ਦੀ ਸਿਖਲਾਈ ਪ੍ਰਾਪਤ ਕਰਨ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਸਮੇਂ-ਸਮੇਂ ਕਾਲਜ ਵੱਲੋਂ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ ਗੁਰਸ਼ਰਨ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

