ਪਟਿਆਲਾ

ਨੇਵਲ ਵਿੰਗ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ

ਪਟਿਆਲਾ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਨੇਵਲ ਵਿੰਗ ਵਲੋਂ 1 ਪੰਜਾਬ ਨੇਵਲ ਯੂਨਿਟ ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ ਇੰਡੀਅਨ ਨੇਵੀ ਸਰਵਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਸਿਪਾਹੀ ਲਲਿਤ ਕੁਮਾਰ ਅਤੇ ਸੂਬੇਦਾਰ ਮਲਕੀਤ ਸਿੰਘ ਜੀ ਦੇ ਪਰਿਵਾਰਾਂ ਨੂੰ ਮਿਲ ਕੇ ਗਰੁੱਪ ਹੈੱਡਕੁਆਰਟਰ ਐਨ. ਸੀ. ਸੀ. ਵੱਲੋਂ ਭੇਜੇ ਗਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਚਿੰਨ੍ਹ ਸ਼ਹੀਦਾਂ ਦੇ ਪਰਿਵਾਰਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਦਿੱਤੇ ਗਏ ਤਾਂ ਜੋ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਰਹੇ ਕਿ ਭਾਰਤੀ ਫੌਜ ਹਮੇਸ਼ਾਂ ਅਜਿਹੇ ਪਰਿਵਾਰਾਂ ਨਾਲ ਖੜ੍ਹੀ ਹੈ, ਜਿਨ੍ਹਾਂ ਨੇ ਦੇਸ਼ ਹਿੱਤ ਕੁਰਬਾਨੀ ਦਿੱਤੀ ਹੈ।

ਇਸ ਮੌਕੇ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਕਾਲਜ ਹਮੇਸ਼ਾਂ ਹੀ ਅਜਿਹੇ ਯਤਨ ਕਰਦਾ ਰਹਿੰਦਾ ਹੈ ਜਿਸ ਨਾਲ ਸਮਾਜ ਨੂੰ ਸੇਧ ਮਿਲ ਸਕੇ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਵੱਖ_ਵੱਖ ਸਮੇਂ ਦੇਸ਼ ਲਈ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਲਜ ਦੇ ਤਿੰਨੋਂ ਐੱਨ.ਸੀ.ਸੀ. ਵਿੰਗ ਹਮੇਸ਼ਾਂ ਅਜਿਹੀਆਂ ਗਤੀਵਿਧੀਆਂ ਵਿਚ ਮੋਹਰੀ ਬਣ ਕੇ ਭਾਗ ਲੈਂਦੇ ਹਨ ਅਤੇ ਸਮਾਜ ਵਿੱਚ ਜਿੱਥੇ ਵੀ ਕਦੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਜਰੂਰਤ ਹੁੰਦੀ ਹੈ ਉਥੇ ਪਹੁੰਚ ਕੇ ਲੋਕਾਂ ਦੇ ਹਿੱਤ ਲਈ ਕਾਰਜ ਕਰਦੇ ਹਨ। ਖ਼ਾਲਸਾ ਕਾਲਜ ਪਟਿਆਲਾ ਤੋਂ ਡਾ. ਸਰਬਜੀਤ ਸਿੰਘ ਏ. ਐਨ. ਓ. ਨੇਵਲ ਵਿੰਗ ਨੇ ਸ਼ਹੀਦਾਂ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ, ਜਿਨ੍ਹਾਂ ਦੀ ਬਦੌਲਤ ਅਸੀਂ ਸਮਾਜ ਵਿਚ ਨਿਡਰ ਹੋ ਕੇ ਰਹਿ ਸਕਦੇ ਹਾਂ। ਇਸ ਮੌਕੇ ਸ਼ਹੀਦਾਂ ਦੇ ਪਿੰਡਾਂ ਤੋਂ ਮੋਹਤਬਰ ਵਿਅਕਤੀ, 1 ਪੰਜਾਬ ਨੇਵਲ ਯੂਨਿਟ ਨੰਗਲ ਤੋਂ ਐਸ ਐਮ ਆਈ ਗੁਰਦੀਪ ਸਿੰਘ ਅਤੇ ਖ਼ਾਲਸਾ ਕਾਲਜ ਪਟਿਆਲਾ ਦੀ ਨੇਵਲ ਯੂਨਿਟ ਦੇ ਕੈਡਿਟ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *