ਪੰਜਾਬਪਟਿਆਲਾ

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਵੀ ਹੈਰੀਟੇਜ਼ ਫੈਸਟੀਵਲ’ ਦਾ ਆਨੰਦ ਮਾਣਨ ਲਈ ਸੱਦਾ

ਪਟਿਆਲਾ ਦੀ ਵਿਰਾਸਤ ਬਾਰੇ ਡਾਕੂਮੈਂਟਰੀ, ਗਾਇਕੀ, ਗਿੱਧਾ-ਭੰਗੜਾ, ਗਤਕਾ ਤੇ ਫ਼ੈਸ਼ਨ ਸ਼ੋਅ ਸਮੇਤ ਖਾਣ ਪੀਣ ਤੇ ਖ਼ਰੀਦੋ-ਫ਼ਰੋਖਤ ਲਈ ਵੀ ਅਹਿਮ ਮੌਕਾ-ਸਾਕਸ਼ੀ ਸਾਹਨੀ

ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਹੈਰੀਟੇਜ ਵਾਕ

ਪਟਿਆਲਾ, 18 ਅਪ੍ਰੈਲ:(ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਤੇ ਕਲਾ ਪ੍ਰੇਮੀਆਂ ਨੂੰ ਕਿਲਾ ਮੁਬਾਰਕ ਵਿਖੇ 19 ਅਪ੍ਰੈਲ ਨੂੰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ‘ਪਟਿਆਲਵੀ ਹੈਰੀਟੇਜ਼ ਉਤਸਵ’ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਦੇ ਉਪਰਾਲੇ ਵਜੋਂ ਇਹ ਪਟਿਆਲਵੀ ਵਿਰਾਸਤੀ ਉਤਸਵ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਵੀ ਵਿਰਾਸਤੀ ਉਤਸਵ ਦੇ ਪ੍ਰੋਗਰਾਮ ‘ਚ ਕੋਈ ਟਿਕਟ ਨਹੀਂ ਹੈ, ਇਸ ਲਈ ਸਮੂਹ ਪਟਿਆਲਵੀ, ਕਲਾ ਪ੍ਰੇਮੀ ਤੇ ਆਮ ਲੋਕ ਇਸ ਦਿਲਕਸ਼ ਆਯੋਜਨ ਦਾ ਜਰੂਰ ਆਨੰਦ ਮਾਣਨ। ਉਨ੍ਹਾਂ ਦੱਸਿਆ ਕਿ ਸ਼ਾਮ 5.30 ਵਜੇ ਪਟਿਆਲਾ ਫਾਊਂਡੇਸ਼ਨ ਵੱਲੋਂ ਵਿਰਾਸਤ ਦੇ ਰੂਬਰੂ ਕਰਵਾਉਣ ਲਈ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਇੱਕ ਹੈਰੀਟੇਜ ਵਾਕ ਕਰਵਾਈ ਜਾਵੇਗੀ। ਕਿਲਾ ਮੁਬਾਰਕ ਵਿਖੇ ਖਾਣੇ ਦੇ ਸਟਾਲ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਦਸਤਕਾਰੀ ਤੇ ਹੋਰ ਸਾਜ਼ੋ-ਸਮਾਨ ਖ਼ਰੀਦੋ-ਫ਼ਰੋਖ਼ਤ ਲਈ ਮੌਜੂਦ ਰਹੇਗਾ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸ਼ਾਮ 6.30 ਵਜੇ ਪਟਿਆਲਵੀ ਹੈਰੀਟੇਜ਼ ਉਤਸਵ ‘ਚ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ ‘ਚ ਦਰਬਾਰ ਹਾਲ ਦੇ ਸਾਹਮਣੇ ਉਘੇ ਗਾਇਕ ਵਿਜੇ ਯਮਲਾ ਜੱਟ ਵੱਲੋਂ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ। ਵਾਣੀ ਸਕੂਲ ਦੇ ਵਿਸ਼ੇਸ਼ ਬੱਚਿਆਂ ਵੱਲੋਂ ਗਿੱਧਾ, ਸਪੀਕਿੰਗ ਹੈਂਡਸ ਰਾਜਪੁਰਾ ਦੇ ਬੱਚਿਆਂ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਦਾ ਗਿੱਧਾ, ਸਰਕਾਰੀ ਹਾਈ ਸਕੂਲ ਉਲਾਣਾ ਦੇ ਬੱਚਿਆਂ ਵੱਲੋਂ ਗਤਕਾ ਸਮੇਤ ਫ਼ੈਸ਼ਨ ਸ਼ੋਅ ਦੀ ਦਿਲਕਸ਼ ਪੇਸ਼ਕਾਰੀ ਵੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪਟਿਆਲਾ ਦੀ ਵਿਰਾਸਤ’ ਬਾਰੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ਅਤੇ ਲੋਕ ਗਾਇਕ ਉਜਾਗਰ ਸਿੰਘ ਅੰਟਾਲ ਦੀ ਲੋਕ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਪਟਿਆਲਾ ਹੈਰੀਟੇਜ ਫੋਟੋਗ੍ਰਾਫ਼ੀ ਮੁਕਾਬਲੇ’ ਲਈ ਆਈਆਂ ਪਟਿਆਲਾ ਦੀ ਵਿਰਾਸਤ ਬਾਰੇ ਆਈਆਂ ਫੋਟੋਆਂ ਵਿੱਚੋਂ ਚੁਣੀਆਂ ਬਿਹਤਰ ਤਸਵੀਰਾਂ ਲਈ ਪਹਿਲਾ ਇਨਾਮ 5 ਹਜ਼ਾਰ ਰੁਪਏ, ਦੂਜਾ ਇਨਾਮ 3000 ਰੁਪਏ ਤੇ ਤੀਜਾ ਇਨਾਮ 2000 ਰੁਪਏ ਦਿੱਤਾ ਜਾਵੇਗਾ ਤੇ ਇਹ ਤਸਵੀਰਾਂ ਕਿਲਾ ਮੁਬਾਰਕ ਵਿਖੇ ਫੈਸਟੀਵਲ ਮੌਕੇ ਵਿਖਾਈਆਂ ਜਾਣਗੀਆਂ।

Leave a Reply

Your email address will not be published. Required fields are marked *