ਦਸਵਾਂ ਕਰੋਨਾ ਟੀਕਾਕਰਨ ਕੈਂਪ ਲਗਾਇਆ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਘਨੱਈਆ ਸਿਹਤ ਕੇਂਦਰ ਵੱਲੋਂ ਦਸਵਾਂ ਕਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿੱਚ 100 ਦੇ ਕਰੀਬ ਲੋਕਾਂ ਨੂੰ ਟੀਕਾ ਲਗਾਇਆ ਗਿਆ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੇਂਦਰ ਵੱਲੋਂ ਸਿਵਲ ਸਰਜਨ ਪਟਿਆਲਾ ਦੇ ਸਹਿਯੋਗ ਨਾਲ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਟੀਕਾਕਰਨ ਕਰਵਾਉਣ ਵਾਲੇ ਇਨ੍ਹਾਂ 100 ਦੇ ਕਰੀਬ ਲੋਕਾਂ ਵਿੱਚ ਵਿਦਿਆਰਥੀ, ਕਰਮਚਾਰੀ, ਅਧਿਆਪਕ, ਕੈਂਪਸ ਨਿਵਾਸੀ ਅਤੇ ਫਰੰਟਲਾਈਨ ਵਰਕਰ ਸਾਮਿਲ ਹਨ। ਇਸ ਕੈਂਪ ਵਿੱਚ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਲਗਾਈ ਗਈ ਅਤੇ ਸਮਾਜ ਵਿੱਚ ਜ਼ਰੂਰੀ ਸੇਵਾਵਾਂ ਲਈ ਵੱਖ-ਵੱਖ ਥਾਵਾਂ ਉੱਤੇ ਵਿਚਰਨ ਵਾਲੇ ਪਹਿਲੀ ਕਤਾਰ ਦੇ ਕਾਮਿਆਂ (ਫਰੰਟਲਾਈਨ ਵਰਕਰਜ਼) ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵੀਸ਼ੀਲਡ/ਕੋਵੈਕਸ਼ੀਨ ਦੀ ਤੀਜੀ ਡੋਜ਼ ਵੀ ਲਗਾਈ ਗਈ । ਤੀਜੀ ਡੋਜ਼ ਲਈ ਸਿਰਫ਼ ਉਹ ਵਿਅਕਤੀ ਹੀ ਪਾਤਰਤਾ ਰਖਦੇ ਸਨ ਜਿਨ੍ਹਾਂ ਦੀ ਦੂਜੀ ਡੋਜ਼ ਨੂੰ 9 ਮਹੀਨੇ ਹੋ ਚੁੱਕੇ ਹਨ।
ਪਿਛਲੇ ਕੈਂਪਾਂ ਨਾਲੋਂ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਇਸ ਦੌਰਾਨ 12 ਤੋਂ 14 ਸਾਲ ਉਮਰ ਦੇ ਵਿਦਿਆਰਥੀਆਂ ਲਈ ਕੌਰਵੀਵੈਕਸ ਅਤੇ 15 ਤੋਂ 18 ਸਾਲ ਦੇ ਉਮਰ ਦੇ ਵਿਦਿਆਰਥੀਆਂ ਲਈ ਕੋਵੈਕਸੀਨ ਦਾ ਟੀਕਾਕਰਣ ਵੀ ਕੀਤਾ ਗਿਆ । ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਕੈਂਪ ਬਾਰੇ ਆਪਣੇ ਸੁਨੇਹੇ ਵਿੱਚ ਭਾਈ ਘਨੱਈਆ ਹੈਲਥ ਸੈਂਟਰ ਦੇ ਇੰਚਾਰਜ ਐਸ.ਐਮ.ਓ. ਡਾ.ਰੇਗੀਨਾ ਮੈਨੀ ਅਤੇ ਸਮੂਹ ਹੈਲਥ ਸੈਂਟਰ ਸਟਾਫ਼ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਸਿਵਲ ਸਰਜਨ ਪਟਿਆਲਾ ਦਾ ਵੀ ਇਸ ਕੈਂਪ ਦੇ ਆਯੋਜਨ ਵਿੱਚ ਸਹਿਯੋਗ ਦੇਣ ਹਿਤ ਧੰਨਵਾਦ ਕੀਤਾ ਗਿਆ। ਡਾ. ਰੇਗੀਨਾ ਮੈਨੀ, ਐਸ.ਐਮ.ਓ., ਭਾਈ ਘਨੱਈਆ ਸਿਹਤ ਕੇਂਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫਤਰ, ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਕੈਂਪਸ ਨਿਵਾਸੀਆਂ ਦਾ ਟੀਕਾਕਰਣ ਕੀਤਾ ਗਿਆ ਹੈ। ਉਹਨ੍ਹਾਂ ਨੇ ਕੈਂਪ ਦਾ ਆਯੋਜਨ ਕਰਨ ਲਈ ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਉਹਨ੍ਹਾਂ ਨੇ ਸਿਹਤ ਕੇਂਦਰ ਦੇ ਸਮੂਹ ਸਟਾਫ ਦੇ ਸਹਿਯੋਗ ਅਤੇ ਸਮੁੱਚੇ ਪੰਜਾਬੀ ਯੂਨੀਵਰਸਿਟੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਸਵਾਂ ਮੁਫਤ ਟੀਕਾਕਰਣ ਕੈਂਪ ਹੈ। ਯੂਨੀਵਰਸਿਟੀ ਵਿੱਚ ਪਹਿਲਾਂ ਤਿੰਨ ਸੈਂਪਲਿੰਗ ਕੈਂਪ ਅਤੇ ਨੌ ਟੀਕਾਕਰਣ ਕੈਂਪ ਵੀ ਲਗਾਏ ਜਾ ਚੁੱਕੇ ਹਨ, ਜਿਸ ਵਿੱਚ 3500 ਵਿਅਕਤੀਆਂ ਦਾ ਟੀਕਾਕਰਣ ਹੋ ਚੁੱਕਾ ਹੈ ।
ਉਨ੍ਹਾਂ ਕਿਹਾ ਕਿ ਇਹ ਕੈਂਪ ਮਾਨਯੋਗ, ਵਾਇਸ ਚਾਂਸਲਰ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ । ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਨੇ ਕੈਂਪਸ ਵਿੱਚ ਟੀਕਾਕਰਣ ਕਰਵਾਉਣ ਲਈ ਯੂਨੀਵਰਸਿਟੀ ਵਿੱਚ ਨਿੱਜੀ ਤੌਰ ਤੇ ਦਿਲਚਸਪੀ ਲਈ ਅਤੇ ਉਹਨਾਂ ਨੇ ਯੂਨੀਵਰਸਿਟੀ ਫੈਕਲਟੀ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਡੀਨ ਅਕਾਦਮਿਕ ਡਾ. ਬਲਵੀਰ ਸਿੰਘ ਸੰਧੂ ਅਤੇ ਰਜਿਸਟਰਾਰ ਡਾ. ਨਵਜੋਤ ਕੌਰ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਡੀਨ ਅਕਾਦਮਿਕ ਡਾ. ਬਲਵੀਰ ਸਿੰਘ ਸੰਧੂ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਜਿੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵਧੀਆ ਉੱਦਮ ਹੈ। ਇਸ ਨਾਲ ਕੈਂਪਸ ਨਾਲ਼ ਜੁੜੇ ਲੋਕਾਂ ਨੂੰ ਕਰੋਨਾ ਵਿਰੁੱਧ ਲੜਨ ਲਈ ਮਦਦ ਮਿਲਦੀ ਹੈ। ਉਹਨਾਂ ਨੇ ਸਿਹਤ ਕੇਂਦਰ ਦੇ ਸਟਾਫ਼ ਦਾ ਇਸ ਸੰਬੰਧੀ ਵਿਸ਼ੇਸ਼ ਧੰਨਵਾਦ ਕੀਤਾ ।

