ਸਿੱਖ ਵਿਰਾਸਤ ਵਿਚ ਵਾਰਾਨਾਸੀ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ
ਪਟਿਆਲਾ, 19 ਅਪ੍ਰੈਲ: (ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਚੇਅਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 18 ਅਪਰੈਲ, 2022 ਨੂੰ ਇਕ ਮੁਖ ਭਾਸ਼ਣ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿਚ ਡਾ. ਪ੍ਰਦਯੂਮਨ ਸ਼ਾਹ ਸਿੰਘ, ਪ੍ਰੋਫੈਸਰ ਅਤੇ ਮੁਖੀ, ਬੀ. ਐਚ. ਯੂ., ਬਨਾਰਸ ਤੋਂ ਵਿਜ਼ਟਿੰਗ ਪ੍ਰੋਫੈਸਰ ਵਜੋਂ ਆਏ ਅਤੇ ਉਨ੍ਹਾਂ ਵਲੋਂ ‘ਸਿੱਖ ਵਿਰਾਸਤ ਵਿਚ ਵਾਰਾਨਾਸੀ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਇਨ੍ਹਾਂ ਨੇ ਆਪਣੇ ਭਾਸ਼ਣ ਵਿਚ ਸਿੱਖ ਧਰਮ ਵਿਚ ਵਾਰਾਨਾਸੀ ਦੀ ਮਹੱਤਤਾ ਨੂੰ ਦਸਦਿਆਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਦੇ ਵਾਰਾਨਾਸੀ ਨਾਲ ਸੰਬੰਧਾਂ ਤੋਂ ਜਾਣੂ ਕਰਵਾਇਆ। ਡਾ. ਸ਼ਾਹ ਨੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਪੰਜ ਨਿਰਮਲੇ ਸਿੱਖਾਂ ਨੂੰ ਵਾਰਾਨਸੀ ਤੋਂ ਸੰਸਕ੍ਰਿਤ ਭਾਸ਼ਾ ਦੀ ਵਿਦਿਆ ਹਾਸਲ ਕਰਨ ਲਈ ਭੇਜਿਆ ਗਿਆ ਸੀ
ਅਤੇ ਕਿਹਾ ਕਿ ਅੱਜ ਦੇ ਧਰਮ ਅਧਿਐਨ ਦੇ ਖੋਜਾਰਥੀਆਂ, ਵਿਦਿਆਰਥੀਆਂ ਨੂੰ ਵੀ ਹੋਰ ਭਾਸ਼ਾਵਾਂ ਨੂੰ ਸਿੱਖਣ ਵੱਲ ਪਹਿਲ ਕਰਨੀ ਚਾਹੀਦੀ ਹੈ ਤਾਂਕਿ ਧਰਮ ਅਧਿਐਨ ਦੇ ਮੁੱਢਲੇ ਸ੍ਰੋਤਾਂ ਨੂੰ ਹੋਰ ਵੀ ਗੰਭੀਰਤਾ ਨਾਲ ਪੜਿਆ ਜਾ ਸਕੇ। ਇਸ ਮੌਕੇ ਡਾ. ਮੁਹੰਮਦ ਹਬੀਬ, ਮੁਖੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਡਾ. ਅਰਵਿੰਦ ਰਿਤੂਰਾਜ, ਅਸਿਸਟੈਂਟ ਪ੍ਰੋਫੈਸਰ, ਵਲੋਂ ਸਟੇਜ ਸੰਚਾਲਨ ਕੀਤਾ ਗਿਆ। ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ, ਗੁਰੂ ਗੋਬਿੰਦ ਸਿੰਘ ਚੇਅਰ, ਨੇ ਸਾਰਿਆਂ ਦਾ ਰਸਮੀ ਤੌਰ ਤੇ ਧੰਨਵਾਦ ਕਰਦਿਆਂ ਧਰਮ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ, ਫਾਰਸੀ, ਸੰਸਕ੍ਰਿਤ ਆਦਿ ਵੱਖ-ਵੱਖ ਭਾਸ਼ਾਵਾਂ ਸਿੱਖਣ ਅਤੇ ਪਵਿੱਤਰ ਥਾਵਾਂ ਦੀਆਂ ਯਾਤਰਾਵਾਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਜਸਵਿੰਦਰ ਸਿੰਘ, ਡਾ. ਪਰਮਜੀਤ ਸਿੰਘ, ਡਾ. ਪ੍ਰਦੀਪ ਕੌਰ, ਡਾ. ਸ਼ੁਭਕਰਨ ਸਿੰਘ, ਡਾ. ਰੁਪਿੰਦਰ ਕੌਰ ਅਤੇ ਖੋਜਾਰਥੀ ਆਦਿ ਮੌਜੂਦ ਰਹੇ।

