ਤਨਖਾਹਾਂ ਨਾ ਮਿਲਣ ਤੇ ਚੋਥਾ ਦਰਜਾ ਮੁਲਾਜਮ 28 ਨੂੰ ਫੁੱਕਣਗੇ ਸਿਹਤ ਅਧਿਕਾਰੀਆਂ ਦੀ ਅਰਥੀ
ਪਟਿਆਲਾ 23 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਹੈ, ਪਰ ਨੀਤੀਆਂ ਪਹਿਲੀਆਂ ਸਰਕਾਰਾਂ ਦੀਆਂ ਤੇ ਚੱਲ ਰਹੀ ਹੈ। ਸਿਹਤ ਵਿਭਾਗ ਸਮੇਤ ਜਲ ਸਰੋਤ, ਪਸ਼ੂ ਪਾਲਣ ਆਦਿ ਇੱਕ ਦਰਜਨ ਤੋਂ ਵੀ ਵੱਧ ਵਿਭਾਗਾਂ ਵਿੱਚ ਚੋਥਾ ਦਰਜਾ, ਕੰਟਰੈਕਟ, ਡੇਲੀਵੇਜਿਜ਼, ਆਊਟ ਸੋਰਸ ਅਤੇ ਪਾਰਟ ਟਾਇਮ ਮੁਲਾਜਮਾ ਨੂੰ ਦੂਸਰਾ ਮਹੀਨਾ ਵੀ ਮੁੱਕਣ ਨੂੰ ਆਇਆ ਹੈ, ਪਰੰਤੂ ਤਨਖਾਹਾਂ ਨਸੀਬ ਨਹੀਂ ਹੋਈਆਂ ਹਨ। ਅਪ੍ਰੈਲ ਮਹੀਨੇ ਨੂੰ ਵਿਦਿਅਕ ਸ਼ੈਸ਼ਨ ਵਜੋਂ ਜਾਣਿਆ ਜਾਂਦਾ ਹੈ। ਇਸ ਮਹੀਨੇ ਵਿੱਚ ਮੁਲਾਜਮਾਂ ਨੇ ਆਪਣੇ ਬੱਚਿਆਂ ਨੂੰ ਅਗਲੀ ਕਲਾਸ ਵਿੱਚ ਦਾਖਲੇ ਕਰਵਾਉਣੇ ਹੁੰਦੇ ਹਨ, ਕਾਪੀਆਂ ਕਿਤਾਬਾਂ ਆਦਿ ਸਮਗਰੀ ਵੀ ਖਰੀਦਣੀ ਹੁੰਦੀ ਹੈ। ਇਸ ਮਹੀਨੇ ਵਿੱਚ ਘਰੇਲੂ ਲੋੜਾਂ ਅਨੁਸਾਰ ਕਣਕ ਵੀ ਖਰੀਦਣੀ ਹੁੰਦੀ ਹੈ ਪਰੰਤੂ ਹੱਥ ਵੀ ਖਾਲੀ ਅਤੇ ਜੇਬ ਵੀ ਖਾਲੀ ਕਰਜੇ ਦੀ ਮਾਰ, ਇਹਨਾਂ ਘੱਟ ਤਨਖਾਹਾਂ ਲੈਣ ਵਾਲੇ ਮੁਲਾਜਮ ਦੁਚਿਤੀ ਵਿੱਚ ਹਨ, ਜਿਹਨਾਂ ਲੋਕਾਂ ਨੇ ਉਭਰਕੇ ਆਮ ਆਦਮੀ ਦੇ ਉਮੀਦਵਾਰਾਂ ਦੀ ਹਮਾਇਤ ਕੀਤੀ ਉਹ ਅੱਜ ਮੰਤਰੀਆਂ, ਵਿਧਾਇਕਾਂ ਅਤੇ ਅਫਸਰਸ਼ਾਹੀ ਦੇ ਛਾਪਿਆ ਦਾ ਸਾਹਮਣਾ ਕਰ ਰਹੇ ਹਨ।
ਇੱਥੇ ਚੋਥਾ ਦਰਜਾ ਤੇ ਕੰਟਰੈਕਟ ਸਮੇਤ ਆਊਟ ਸੋਰਸ ਮੁਲਾਜਮਾਂ ਦੀ ਵੱਡੀ ਮੀਟਿੰਗ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿੱਚ ਪਹੁੰਚੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਫੈਡਰੇਸ਼ਨ ਪ੍ਰਧਾਨ ਜਗਮੋਹਨ ਨੋਲੱਖਾ, ਜਨਰਲ ਸਕੱਤਰ ਮਾਧੋ ਰਾਹੀ, ਹਸਪਤਾਲ ਦੇ ਪ੍ਰਧਾਨ ਸੁਖਦੇਵ ਸਿੰਘ ਝੰਡੀ, ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰੀ ਗੁਰਮੀਤ ਕੌਰ, ਚੇਅਰਮੈਨ ਅਨਿਲ ਕੁਮਾਰ, ਰਾਮ ਲਾਲ ਰਾਮਾ, ਸੁਰਜ ਪਾਲ ਯਾਦਵ, ਕਾਕਾ ਸਿੰਘ, ਗੁਰਦੀਪ ਸਿੰਘ, ਰਾਮ ਪ੍ਰਸਾਦ ਸਹੋਤਾ, ਸੁਨੀਤਾ ਰਾਣੀ, ਉਸ਼ਾ, ਵੀਨਾ, ਸੁਰਿੰਦਰ ਕੌਰ, ਹਰਕੇਸ਼ ਸਿੰਘ, ਕਾਕਾ ਰਾਮ, ਰਾਮ ਕਿਸ਼ਨ ਆਗੂਆਂ ਨੇ ਫੈਸਲਾ ਕੀਤਾ ਕਿ ਮਾਤਾ ਕੁਸ਼ਲਿਆ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਨਾ ਤਾਂ ਮੰਗਾਂ ਵਲ ਧਿਆਨ ਦੇ ਰਹੇ ਹਨ ਤੇ ਤਨਖਾਹਾਂ ਦਾ ਪ੍ਰਬੰਧ ਵੀ ਨਹੀਂ ਕਰ ਰਹੇ ਅਤੇ ਠੇਕੇਦਾਰ ਲਗਾਤਾਰ ਦਫਤਰੀ ਅਗਲੇ ਦੀ ਮਿਲੀ ਭੁਗਤ ਨਾਲ ਵਰਕਰਾਂ ਨੂੰ ਸਹੂਲਤਾਂ, ਉਜਰਤਾਂ ਪੂਰੀਆਂ ਨਾ ਦੇ ਕੇ ਲੁੱਟ ਖਸੁੱਟ ਕਰ ਰਿਹਾ ਹੈ। ਇਸ ਵਿਰੁਧ ਮਿਤੀ 28 ਅਪ੍ਰੈਲ ਨੂੰ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਅਰਥੀ ਫੁੱਕ ਰੈਲੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਲ ਸਰੋਤ ਸਰਕਲ ਭਾਖੜਾ ਮੇਨ ਲਾਇਲ ਦਫਤਰ ਅੱਗੇ ਮਿਤੀ 26 ਨੂੰ ਰੈਲੀ ਕੀਤੀ ਜਾਵੇਗੀ।

