ਸਰਕਾਰ ਦਾ ਐਕਸ਼ਨ, ਐਸਐਸਪੀ ਨਾਨਕ ਸਿੰਘ ਸਮੇਤ ਕਈ ਅਧਿਕਾਰੀ ਬਦਲੇ
ਆਈਜੀ ਛੀਨਾ, ਐਸਐਸਪੀ ਦੀਪਕ ਪਾਰਿਖ ਅਤੇ ਐਸਪੀ ਸਿਟੀ ਵਜੀਰ ਸਿੰਘ ਹੋਣਗੇ
ਹਾਲਾਤ ’ਤੇ ਕਾਬੂ ਪਾਉਣ ਲਈ ਇੰਟਰਨੈਟ ਸੇਵਾਵਾਂ ਕੀਤੀਆਂ ਠੱਪ
ਪਟਿਆਲਾ 30 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਸ਼ਹਿਰ ’ਚ ਦੋ ਧਿਰਾਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਲਗਾਇਆ ਗਿਆ ਸੀ, ਅਗਲੇ ਹੁਕਮਾਂ ਤੱਕ ਇੰਟਰਨੈਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਹਨ, ਉਥੇ ਹੀ ਸਰਕਾਰ ਨੇ ਵਾਪਰੀ ਘਟਨਾ ਦੀ ਰਿਪੋਰਟ ਤੋਂ ਬਾਅਦ ਐਕਸ਼ਨ ’ਚ ਆਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀ ਗਾਜ਼ ਜ਼ਿਲ੍ਹਾ ਪੁਲਿਸ ਅਧਿਕਾਰੀਆਂ ’ਤੇ ਪਾਉਂਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਜਾਰੀ ਹੁਕਮਾਂ ਅਨੁਸਾਰ ਆਈਜੀ, ਐਸਐਸਪੀ ਸਮੇਤ ਐਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਗਿਆ। ਐਸਐਸਪੀ ਨਾਨਕ ਸਿੰਘ ਦੀ ਜਗਾ ਹੁਣ ਨਵੇਂ ਐਸਐਸਪੀ ਦੀਪਕ ਪਾਰਿਖ ਨੂੰ ਤਾਇਨਾਤ ਕੀਤਾ ਗਿਆ ਅਤੇ ਆਈ ਜੀ ਵਜੋਂ ਮੁਖਵਿੰਦਰ ਸਿੰਘ ਛੀਨਾ ਅਤੇ ਐਸ ਪੀ ਸਿਟੀ ਹਰਪਾਲ ਸਿੰਘ ਦੀ ਥਾਂ ਹੁਣ ਵਜ਼ੀਰ ਸਿੰਘ ਆਪਣਾ ਕਾਰਜਭਾਰ ਸੰਭਾਲਣਗੇ। ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਸ਼ਾਮ 6.00 ਵਜੇ ਤੱਕ ਇੰਟਰਨੈਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਖਾਲਿਸਤਾਨੀ ਪੱਖੀਆਂ ਅਤੇ ਹਿੰਦੂ ਨੇਤਾਵਾਂ ਵਿਚ ਹੋਏ ਟਕਰਾਅ ਦੌਰਾਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਕਟਹਿਰੇ ’ਚ ਖੜਾ ਹੋਣਾ ਗਿਆ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ, ਪ੍ਰੰਤੂ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਇਹ ਟਕਰਾਅ ਹੋਇਆ ਅਤੇ ਅਮਨ ਸ਼ਾਂਤੀ ਭੰਗ ਹੋਈ। ਪੁਲਿਸ ਪ੍ਰਸ਼ਾਸਨ ਵੱਲੋਂ ਖਾਲਿਸਤਾਨੀ ਪੱਖੀਆਂ ਨੂੰ ਰੋਕਣ ਲਈ ਕਿਸੇ ਵੀ ਤਰ੍ਹਾਂ ਬੈਰੀਕੇਡ ਨਾ ਲਗਾਏ ਇਥੋਂ ਤੱਕ ਹਿੰਦੂ ਨੇਤਾ ਹਰੀਸ਼ ਸਿੰਗਲਾ ਨੂੰ ਘਟਨਾ ਤੋਂ ਪਹਿਲਾਂ ਗਿ੍ਰਫਤਾਰ ਨਾ ਕੀਤਾ ਗਿਆ, ਜਿਸ ਕਾਰਨ ਹਾਲਾਤ ਤਣਾਅਪੂਰਨ ਬਣੇ। ਸ਼ਹਿਰ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਾਲਾਤ ਨੂੰ ਖਰਾਬ ਕਰਨ ਵਾਲੇ ਅਧਿਕਾਰੀਆਂ ਅਤੇ ਦੋਵਾਂ ਧਿਰਾਂ ਵਿਚ ਹੋਏ ਟਕਰਾਅ ਲਈ ਜ਼ਿੰਮੇਵਾਰੀ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

