ਅੰਮ੍ਰਿਤਸਰਪੰਜਾਬ

ਚੀਫ ਖਾਲਸਾ ਦੀਵਾਨ ਪ੍ਰਧਾਨ ਦੀ ਚੋਣ ਆਪਸੀ ਸਹਿਮਤੀ ਨਾਲ ਗੁਪਤ ਚੋਣ ਪ੍ਰਣਾਲੀ (ਬੈਲਟ ਪੇਪਰ) ਰਾਹੀਂ ਕਰਵਾਉਣ ਦਾ ਫੈਸਲਾ

ਅੰਮ੍ਰਿਤਸਰ (ਮਧੂਸਾਰ ਬਿਊਰੋ) ਚੀਫ ਖਾਲਸਾ ਦੀਵਾਨ ਮੁੱਖ ਦਫਤਰ ਵਿਖੇ ਚੀਫ ਖਾਲਸਾ ਦੀਵਾਨ ਪ੍ਰਧਾਨ ਦੇ ਖਾਲੀ ਅਹੁਦੇ ਦੀ ਮਿਤੀ ੮-੦੫-੨੦੨੨ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਰਿਟਰਨਿੰਗ ਅਧਿਕਾਰੀਆਂ ਪੋ੍ਰ: ਵਰਿਆਮ ਸਿੰਘ, ਸ: ਹਰਜੀਤ ਸਿੰਘ ਅਤੇ ਸ: ਨਰਿੰਦਰ ਸਿਘ ਖੁਰਾਣਾ ਵਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਧਾਨ ਦੀ ਚੋਣ ਲਈ ਨਾਮਜਦਗੀਆਂ ਭਰਨ ਵਾਲੇ ਤਿੰਨ ਉਮੀਦਵਾਰ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸ: ਅਜੀਤ ਸਿੰਘ ਬਸਰਾ, ਸ: ਸਰਬਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ। ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਦੀ ਸੱਚੀ ਸੁੱਚੀ ਛਵੀ ਨੂੰ ਬਰਕਰਾਰ ਰੱਖਦਿਆਂ ਆਪਸੀ ਪ੍ਰੇਮ ਅਤੇ ਸਾਂਝ ਵਾਲ ਨਿਰਵਿਰੋਧ ਤਰੀਕੇ ਰਾਹੀਂ ਪ੍ਰਧਾਨ ਦੀ ਚੋੋਣ ਕਰਵਾਉਣ ਦੇ ਮੁੱਦੇ ਤੇ ਆਪਸੀ ਗੱਲਬਾਤ ਕੀਤੀ ਗਈ। ਵਿਚਾਰ ਵਟਾਂਦਰੇ ਉਪਰੰਤ ਤਿੰਨ ਉਮੀਦਵਾਰਾਂ ਡਾ: ਇੰਦਰਬੀਰ ਸਿੰਘ ਨਿੱਜਰ, ਸ: ਅਜੀਤ ਸਿੰਘ ਬਸਰਾ ਅਤੇ ਸ: ਸਰਬਜੀਤ ਸਿੰਘ ਨੇ ਆਪਸੀ ਮਤਭੇਦ ਭੁਲਾ ਕੇ ੮ ਮਈ ਨੂੰ ਜਨਰਲ ਹਾਉਸ ਵਿਚ ਪ੍ਰਧਾਨ ਦੀ ਚੋਣ ਗੁਪਤ ਚੋਣ ਪ੍ਰਣਾਲੀ (ਬੈਲਟ ਪੇਪਰ )ਰਾਹੀਂ ਕਰਵਾਉਣ ਤੇ ਸਹਿਮਤੀ ਪ੍ਰਗਟਾਈ।

ਇਸ ਮੌਕੇ ਰਿਟਰਨਿੰਗ ਅਫਸਰਾਂ ਵਲੋਂ ਉਮੀਦਵਾਰਾਂ ਨੂੰ ਚੋਣ ਸਹਿਜ ਅਤੇ ਸ਼ਾਤੀਪੂਰਨ ਕਰਵਾਉਣ ਹਿਤ ਕੀਤੀ ਗਈ ਬੇਨਤੀ ਪ੍ਰਵਾਣ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਉਮੀਦਵਾਰਾਂ ਵਲੋਂ ਚੀਫ ਖਾਲਸਾ ਦੀਵਾਨ ਦੇ ਸਿਰਜਣਹਾਰਿਆਂ ਦੇ ਮਨੋਰਥਾਂ ਅਨੁਸਾਰ ਦੀਵਾਨ ਦੀ ਬਿਹਤਰੀ ਲਈ ਭਾਈਚਾਰਕ ਸਾਂਝ ਨਾਲ ਕੀਤੇ ਗਏ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੰਤ ਮੀਟਿੰਗ ਵਿਚ ਹਾਜਰ ਮੈਂਬਰ ਸਾਹਿਬਾਨ ਨੇ ਪੰਥ ਅਤੇ ਦੀਵਾਨ ਦੇ ਵਿਕਾਸ ਅਤੇ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਵੀ ਲਿਆ। ਇੱਕਤਰਤਾ ਵਿਚ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਇੰਚਾਰਜ ਸ: ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਸਕੱਤਰ ਸ: ਜਸਪਾਲ ਸਿੰਘ ਢਿੱਲੋਂ, ਸ: ਅਵਤਾਰ ਸਿੰਘ, ਸ: ਰਮਣੀਕ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *