ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਸ਼ਵ ਵੈਟਰਨਰੀ ਦਿਵਸ’ ਨੂੰ ਸਮਰਪਿਤ ਸਪਤਾਹਿਕ ਜਸ਼ਨ ਸੰਪੰਨ
ਅੰਮ੍ਰਿਤਸਰ, 5 ਮਈ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ ਸਪਤਾਹਿਕ ਸਮਾਗਮ ਅੱਜ ਸਮਾਪਤ ਹੋ ਗਿਆ। ਕਾਲਜ ਪ੍ਰਿੰਸੀਪਲ ਐਚ. ਕੇ. ਵਰਮਾ ਨੇ ਆਪਣੇ ਸੰਬੋਧਨ ’ਚ ਵਿਸ਼ਵ ’ਚ ਵੈਟਰਨਰੀ ਵਿਗਿਆਨ ਦੇ ਇਤਿਹਾਸ ਨੂੰ ਉਜਾਗਰ ਕਰਦਿਆਂ ਪ੍ਰੋਗਰਾਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤ ਅਤੇ ਦੁਨੀਆ ਭਰ ’ਚ ਵੈਟਰਨਰੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਪਸ਼ੂਆਂ ਦੀ ਸਿਹਤ, ਭਲਾਈ, ਤੰਦਰੁਸਤੀ, ਭੋਜਨ ਸੁਰੱਖਿਆ ਅਤੇ ਉਨ੍ਹਾਂ ਦੇ ਸੁਰੱਖਿਆ ਵਾਤਾਵਰਣ ਲਈ ਨਿਰੰਤਰ ਕੰਮ ਕੀਤਾ ਹੈ। ਉਨ੍ਹਾਂ ਇਸ ਮੌਕੇ ਹੋਰਨਾਂ ਸੰਸਥਾਵਾਂ ਦੇ ਨਾਲ ਸਹਿਯੋਗ ਦੀ ਅਹਿਮ ਮਹੱਤਤਾ ਨੂੰ ਵੀ ਦੁਹਰਾਇਆ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪੁੱਜੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ, ਡੀਨ ਅਤੇ ਮੁੱਖ ਬੁਲਾਰੇ ਡਾ. ਵਾਈ. ਪੀ. ਐਸ. ਮਲਿਕ ਨੇ ‘ਵੈਟਰਨਰੀ ਵਿਸ਼ੇ ਨੂੰ ਮਜ਼ਬੂਤ ਕਰਨ’ ਵਿਸ਼ੇ ’ਤੇ ਵਿਸ਼ਵ-ਵਿਆਪੀ ਮਹਾਂਮਾਰੀ ਦੀ ਮਹੱਤਤਾ ਅਤੇ ਵੈਟਰਨਰੀ ਪੇਸ਼ੇ ਦੇ ਪ੍ਰਭਾਵ ਅਤੇ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਇਸ ਮੌਕੇ ਪਸ਼ੂ ਪਾਲਣ ਵਿਭਾਗ, ਪੰਜਾਬ, ਵੈਟਰਨਰੀ ਅਫਸਰ ਡਾ: ਅਮਰਪ੍ਰੀਤ ਸਿੰਘ ਪੰਨੂ ਨੇ ਕਿਸਾਨਾਂ ਅਤੇ ਪਸ਼ੂ ਮਾਲਕਾਂ ਨਾਲ ਵੈਟਰਨਰੀ ਕਿੱਤਿਆਂ ਦੇ ਵਿਹਾਰਕ ਪਹਿਲੂਆਂ ਅਤੇ ਯੋਗਦਾਨ ਨੂੰ ਸਾਂਝਾ ਕੀਤਾ। ਜਦ ਕਿ ਤਕਨੀਕੀ ਸੈਸ਼ਨ ਦਾ ਸੰਚਾਲਨ ਕਾਲਜ ਦੇ ਪਸ਼ੂ ਧਨ ਫਾਰਮ ਕੰਪਲੈਕਸ ਤੋਂ ਪ੍ਰੋਫੈਸਰ ਅਤੇ ਮੁਖੀ ਡਾ. ਪੀ. ਕੇ. ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਮੁਫਤ ਪਸ਼ੂ ਕੈਂਪ, ਜਾਗਰੂਕਤਾ ਮੁਹਿੰਮ ਅਤੇ ਵਿਗਿਆਨਕ ਸੈਸ਼ਨ ਦੇ ਕੁਇੱਜ਼ ਅਤੇ ਪੋਸਟਰ ਪੇਸ਼ਕਾਰੀ ਮੁਕਾਬਲੇ ਸਮੇਤ ਵੱਖ-ਵੱਖ ਸਮਾਗਮਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜੀ. ਡੀ. ਰਾਓ ਦੀ ਅਗਵਾਈ ਵਾਲੀ ਫੀਲਡ ਟੀਮ ਵੱਲੋਂ 4 ਦਿਨਾਂ ਦਾ ਮੁਫਤ ਪਸ਼ੂ ਕੈਂਪ ਲਗਾਇਆ ਗਿਆ। ਜਿਸ ’ਚ ਰੈਬੀਜ਼ ਰੋਕੂ ਟੀਕਿਆਂ ਦੀਆਂ 100 ਖੁਰਾਕਾਂ ਅਤੇ ਵੱਖ-ਵੱਖ ਦਵਾਈਆਂ ਵੀ ਇਸ ਅਸਥਾਨ ਨੂੰ ਦਾਨ ਕੀਤੀਆਂ ਗਈਆਂ ਅਤੇ ਕਿਸਾਨ ਮਿਲਣੀ ਪ੍ਰੋਗਰਾਮ ਤੋਂ ਇਲਾਵਾ ਕੁੱਤਿਆਂ ਦਾ ਮੁਫਤ ਟੀਕਾਕਰਨ, ਪਾਲਣ-ਪੋਸ਼ਣ, ਸਿਹਤ ਜਾਂਚ ਵੀ ਕਰਵਾਈ ਗਈ।

