ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਸੰਬੰਧੀ ਤਿਆਰੀਆਂ ਮੁਕੰਮਲ
ਅਮ੍ਰਿਤਸਰ (ਮਧੂਸਾਰ ਬਿਊਰੋ) ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ ੮ ਮਈ ਨੂੰ ਹੋਣ ਵਾਲੀ ਚੋਣ ਦੀ ਤਿਆਰੀਆਂ ਅਤੇ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦੇ ਸੰਬੰਧ ਵਿਚ ਰਿਟਰਨਿੰਗ ਅਧਿਕਾਰੀਆਂ ਵਲੋਂ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਵੱਖ ਵੱਖ ਅਦਾਰਿਆ ਦੇ ਸਮੂਹ ਕਰਮਚਾਰੀਆਂ ਜਿਹਨਾਂ ਦੀਆਂ ਵੋਟਾਂ ਦੌਰਾਨ ਡਿਉਟੀਆਂ ਲਗਾਈਆਂ ਗਈਆਂ ਹਨ, ਨਾਲ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਚੋਣ ਪ੍ਰਕਿਰਿਆ ਨੂੰ ਤਕਨੀਕੀ ਅਤੇ ਪ੍ਰਸ਼ਾਸਨਕ ਰੂਪ ਵਿਚ ਸਚਾਰੁ – ਸਰਲ ਢੰਗ ਨਾਲ ਚਲਾਉਣ ਹਿਤ ਰਿਟਰਨਿੰਗ ਅਧਿਕਾਰੀਆਂ ਵਲੋਂ ਸਟਾਫ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਸੋਂਪੀਆਂ ਜਿੰਮੇਵਾਰੀਆਂ ਬਾਬਤ ਪੂਰੀ ਜਾਣਕਾਰੀ ਦਿੰਦਿਆ ਡਿਉਟੀ ਲਈ ਸ਼ਨਾਖਤੀ ਕਾਰਡ ਦਿੱਤੇ ਗਏ। ਮੀਟਿੰਗ ਵਿਚ ਸੰਬੋਧਨ ਕਰਦਿਆਂ ਰਿਟਰਨਿੰਗ ਅਫਸਰ ਸ: ਨਰਿੰਦਰ ਸਿੰਘ ਖੁਰਾਣਾ ਨੇ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮਿਤੀ ੮ ਮਈ, ੨੦੨੨ ਦਿਨ ਐਤਵਾਰ ਨੂੰ ਪ੍ਰਧਾਨ ਦੇ ਖਾਲੀ ਅਹੁਦੇ ਲਈ ਚੋਣ ਗੁਪਤ ਬੈਲਟ ਪੇਪਰ ਸਿਸਟਮ ਰਾਹੀਂ ਸਵੇਰ ੧੧:੩੦ ਵਜੇ ਤੋਂ ਲੈਕੇ ਸ਼ਾਮ ੪:੩੦ ਵਜੇ ਤੱਕ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿਤਾ ਜਾਵੇਗਾ।
ਇਸ ਮੌਕੇ ਰਿਟਰਨਿੰਗ ਅਫਸਰ ਸ: ਹਰਜੀਤ ਸਿੰਘ ਤਰਨਤਾਰਨ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਚੀਫ ਖਾਲਸਾ ਦੀਵਾਨ ਵਲੋਂ ਬਜੁਰਗ ਤੇ ਬੀਮਾਰ ਵੋਟਰਾਂ ਦੀ ਸਹੁਲਤ ਲਈ ਵਹੀਲ ਚੇਅਰ ਅਤੇ ਮੁਢਲੀ ਸਹਾਇਤਾ ਮੈਡੀਕਲ ਰੂਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਬਾਹਰਲੇ ਸਟੇਸ਼ਨਾਂ ਤੋਂ ਪੁਜ ਰਹੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਲਈ ਪਹਿਲ ਦੇ ਅਧਾਰ ਤੇ ਵੋਟਾਂ ਪਾੳੇਣ ਦਾ ਇੰਤਜਾਮ ਵੀ ਕੀਤਾ ਜਾਵੇਗਾ। ਰਿਟਰਨਿੰਗ ਅਧਿਕਾਰੀਆਂ ਅਤੇ ਮੈਂਬਰ ਸਾਹਿਬਾਨ ਵਲੋਂ ਆਸ ਪ੍ਰਗਟ ਕੀਤੀ ਗਈ ਕਿ ਸਮੂਹ ਸਟਾਫ ਆਪਣੀ ਡਿਉਟੀ ਪੂਰੀ ਸਮਰਪਣ ਭਾਵ ਨਾਲ ਨਿਭਾ ਕੇ ਚੋਣ ਪ੍ਰਕਿਰਿਆ ਦੀ ਨਿਰਵਿਘਨ ਸਫਲ ਸੰਪੂਰਨਤਾ ਲਈ ਅਹਿਮ ਯੋਗਦਾਨ ਦੇਣਗੇ। ਮiਟਿੰਗ ਵਿਚ ਰਿਟਰਨਿੰਗ ਅਫਸਰ ਸ: ਨਰਿੰਦਰ ਸਿੰਘ ਖੁਰਾਣਾ ਅਤੇ ਸ; ਹਰਜੀਤ ਸਿੰਘ, ਚੀਫ ਖਾਲਸਾ ਦੀਵਾਨ ਮੁੱਖ ਦਫਤਰ ਇੰਚਾਰਜ ਸ: ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ: ਹਰੀ ਸਿੰਘ, ਸ: ਗੁਰਪ੍ਰੀਤ ਸਿੰਘ ਸੇਠੀ, ਸ: ਗੁਰਭੇਜ ਸਿੰਘ ਤੇ ਸੀ ਕੇ ਡੀ ਸਕੂਲਾਂ ਅਤੇ ਮੁੱਖ ਦਫਤਰ ਦਾ ਸਮੂਹ ਸਟਾਫ ਹਾਜਰ ਸੀ।

