ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਭਾਈ ਜਸਵਿੰਦਰ ਸਿੰਘ ਜੱਸੀ ਨੂੰ ਅਮਰੀਕਾ ਦਾ ਇੰਚਾਰਜ ਥਾਪਿਆ
ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, 9 ਮਈ (ਮਧੂਸਾਰ ਬਿਊਰੋ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੀਆਂ ਵਿਦੇਸ਼ਾਂ ਵਿੱਚ ਹੋਰ ਨਿਹੰਗ ਸਿੰਘ ਛਾਉਣੀਆਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ।ਏਸੇ ਸਦੰਰਭ ਵਿੱਚ ਅਮਰੀਕਾ ਦੇ ਸਿਲਵਿਸ ਸ਼ਹਿਰ ਵਿਖੇ ਭਾਈ ਜਸਵਿੰਦਰ ਸਿੰਘ ਜੱਸੀ ਜੋ ਗੁਰਦੁਆਰਾ ਸਿੰਘ ਸਭਾ ਸਿਲਵਿਸ ਦੇ ਪ੍ਰਧਾਨ ਹਨ ਨੂੰ ਬੁੱਢਾ ਦਲ ਦੀ ਅਮਰੀਕਾ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਹੈੱਡ ਕੁਆਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਛਾਉਣੀ ਤੋਂ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵਲੋਂ ਲਏ ਗਏ ਫੈਸਲੇ ਨਾਲ ਅਮਰੀਕਾ ਵਿਚਲੇ ਸਿੱਖਾਂ ਸਿੰਘਾਂ ਨੇ ਖੁਸ਼ੀ ਮਨਾਈ ਹੈ।ਭਾਈ ਜੱਸੀ ਨੂੰ ਬੁੱਢਾ ਦਲ ਵਲੋਂ ਧਰਮ ਪ੍ਰਚਾਰ, ਪਰਸਾਰ ਕਰਨ ਲਈ, ਨਿਹੰਗ ਸਿੰਘਾਂ ਦੀ ਛਾਉਣੀਆਂ, ਘੋੜ ਸਵਾਰੀ, ਗਤਕਾ ਸਿਖਲਾਈ, ਗੁਰਬਾਣੀ ਸੰਥਿਆ, ਆਦਿ ਦੇ ਪ੍ਰਬੰਧ ਕਰਨ ਦੀ ਜਿੰਮੇਵਾਰੀ ਸੌਂਪੀ ਹੈ।ਉਨ੍ਹਾਂ ਕਿਹਾ ਇਸ ਸੇਵਾ ਨਿਯੁਕਤੀ ਦਾ ਐਲਾਣ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਆਸ ਪ੍ਰਗਟ ਕੀਤੀ ਹੈ ਕਿ ਭਾਈ ਜਸਵਿੰਦਰ ਸਿੰਘ ਜੱਸੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਗੁਰਮਤਿ ਮਰਯਾਦਾ ਅਨੁਸਾਰ ਧਰਮ ਪ੍ਰਚਾਰ ਪ੍ਰਸਾਰ ਲਈ ਸਰਗਰਮ ਭੂਮਿਕਾ ਨਿਭਾਉਣਗੇ।ਉਨ੍ਹਾਂ ਸਮੂਹ ਗੁਰੁ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਜੱਸੀ ਨੂੰ ਖਾਲਸਾ ਪੰਥ ਬੁੱਢਾ ਦਲ ਦੀ ਚੜ੍ਹਦੀ ਕਲਾ ਲਈ ਜਸਵਿੰਦਰ ਸਿੰਘ ਜੱਸੀ ਦਾ ਤਨ ਮਨ ਧਨ ਨਾਲ ਸਹਿਯੋਗ ਕਰਨ।

