CM ਮਾਨ ਆਪਣੇ ਕੈਬਨਿਟ ਸਾਥੀਆਂ ਨਾਲ ਕਰਵਾਉਣ ਡੋਪ ਟੈਸਟ : ਤਰੁਣ ਚੁੱਘ
ਸਾਈਕਲ ਰੈਲੀ ਨਾਲ ਨਹੀਂ ਰੁਕੇਗੀ ਨਸ਼ਾ ਤਸਕਰੀ : ਚੁੱਘ
ਚੰਡੀਗੜ੍ਹ, 21 ਮਈ (/ਮਧੂਸਾਰ ਬਿਊਰੋ) ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੱਢੀ ਗਈ ਸਾਈਕਲ ਰੈਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੇ ਨਾਂ ’ਤੇ ਠੱਗੀ ਮਾਰਨੀ ਬੰਦ ਕਰਨ। ਜੇਕਰ ਮੁੱਖ ਮੰਤਰੀ ਮਾਨ ਨਸ਼ਿਆਂ ਦੇ ਮੁੱਦੇ ‘ਤੇ ਸੱਚਮੁੱਚ ਗੰਭੀਰ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਕੈਬਨਿਟ ਸਾਥੀਆਂ ਅਤੇ ‘ਆਪ’ ਵਿਧਾਇਕਾਂ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਚੁੱਘ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ। ਮੁੱਖ ਮੰਤਰੀ ਦੀ ਸ਼ਾਮ ਦੇ ‘ਰੁੱਝੇ’ ਹੋਣ ਤੋਂ ਸਾਰਾ ਸੂਬਾ ਵਾਕਿਫ਼ ਹੈ।
ਚੁੱਘ ਅਨੁਸਾਰ ਨਸ਼ਿਆਂ ਵਿਰੁੱਧ ਜੰਗ ਸਾਈਕਲ ‘ਤੇ ਨਹੀਂ ਲੜੀ ਜਾ ਸਕਦੀ। ਇਹ ਕਈ ਤਰੀਕਿਆਂ ਨਾਲ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੁਝ ਵੀ ਕਰਨ ਵਿੱਚ ਅਸਫਲ ਰਹੀ ਹੈ। ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੀ ਕੋਝੀ ਕਵਾਇਦ ਕੀਤੀ ਜਾ ਰਹੀ ਹੈ। ਚੁੱਘ ਨੇ ਮੁੱਖ ਮੰਤਰੀ ਮਾਨ ਨੂੰ ਪ੍ਰਸ਼ਾਸਨ ਅਤੇ ਸ਼ਾਸਨ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੀ ਗਈ ਵੱਡੀ ਕਟੌਤੀ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਵਸਤਾਂ ’ਤੇ ਟੈਕਸ ਘੱਟੋ-ਘੱਟ 10 ਰੁਪਏ ਘਟਾਵੇ। ਤਾਂ ਜੋ ਲੋਕਾਂ ਨੂੰ ਆਪਣੇ ਜੀਵਨ ਵਿੱਚ ਰਾਹਤ ਮਿਲ ਸਕੇ।

