ਪੰਜਾਬਪਟਿਆਲਾ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਵਿਵਾਦ ਬੇਲੋੜਾ : ਜਥੇ. ਕਰਨੈਲ ਸਿੰਘ ਪੰਜੋਲੀ

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆਂ ’ਚ ਬੋਲਣ ਦਾ ਕੋਈ ਹੱਕ ਨਹੀਂ

ਪਟਿਆਲਾ 24 ਮਈ (ਮਧੂਸਾਰ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੀਰੀ-ਪੀਰੀ ਦਿਵਸ ਮੌਕੇ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਅਤੇ ਆਧੁਨਿਕ ਹਥਿਆਰ ਰੱਖਣ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਬਿਆਨ ਸਮੇਂ ਦੀ ਅਨੁਕੂਲ ਹੈ, ਜਿਸ ’ਤੇ ਬੇਲੋੜਾ ਵਿਵਾਦ ਛੇੜਨਾ ਵਾਜਿਬ ਨਹੀਂ ਹੈ।

ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਅਤੇ ਗੁਰੂ ਸਾਹਿਬ ਦਾ ਫਲਸਫਾ ਸਾਰਿਆਂ ਨੂੰ ਬਾਣੀ ਅਤੇ ਬਾਣੇ ਦਾ ਧਾਰਨੀ ਹੋਣ ਦੇ ਨਾਲ-ਨਾਲ ਸ਼ਸਤਰਧਾਰੀ ਹੋਣ ਲਈ ਵੀ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਗਲਿਆਰੇ ’ਚ ਵੱਖ ਵੱਖ ਰਾਜਨੀਤਕ ਆਗੂਆਂ ਵੱਲੋਂ ਸਿੰਘ ਸਾਹਿਬ ਦੇ ਬਿਆਨ ਨੂੰ ਬੇਵਜਾ ਤੁਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿਚ ਬੋਲਣ ਦਾ ਕੋਈ ਹੱਕ ਨਹੀਂ ਹੈ। ਜਥੇਦਾਰ ਪੰਜੋਲੀ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਾਮ ਵਿਚ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਨੂੰ ਕੀ ਪਤਾ ‘ਸਿੱਖੀ’ ਪ੍ਰੰਪਰਾ ਕੀ ਹੈ? ਉਨ੍ਹਾਂ ਕਿਹਾ ਕਿ ‘ਸਿੰਘ’ ਕਹਾਉਣਾ ਆਪਣੇ ਆਪ ’ਚ ਫਖ਼ਰ ਅਤੇ ਮਾਣ ਕਰਨ ਵਰਗਾ ਹੁੰਦਾ ਹੈ, ਜਦਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਮਹਿਜ਼ ਲੀਗਲ ਤਰੀਕੇ ਨਾ ਹੀ ਆਧੁਨਿਕ ਹਥਿਆਰ ਰੱਖਣ ਦੀ ਗੱਲ ਕੀਤੀ ਹੈ। ਜਥੇਦਾਰ ਪੰਜੋਲੀ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਪਈ ਹੈ ਅਤੇ ਹਾਲਾਤਾਂ ਦੇ ਅਨੁਕੂਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਹਰ ਪੱਖੋਂ ਵਾਜਿਬ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਵੱਖ ਵੱਖ ਆਗੂਆਂ ਵੱਲੋਂ ਬੇਲੋੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *