ਡਿਪਟੀ ਕਮਿਸ਼ਨਰ ਵੱਲੋਂ ਵਾਣੀ ਸਕੂਲ ਦਾ ਦੌਰਾ, ਹੀਅਰਿੰਗ ਇੰਪੇਅਰਡ ਬੱਚਿਆਂ ਨਾਲ ਸਮਾਂ ਬਿਤਾਇਆ
ਪਟਿਆਲਾ, 27 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ, ਜੋ ਕਿ ਅਹੁਦੇ ਕਰਕੇ, ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਪ੍ਰਧਾਨ ਵੀ ਹਨ, ਨੇ ਅੱਜ ਇੱਥੇ ਅਰਬਨ ਅਸਟੇਟ ਫੇਜ਼-2 ਸਥਿਤ ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਤ ਕਰਦਿਆਂ ਪੜ੍ਹਾਈ ‘ਚ ਮੱਲਾਂ ਮਾਰਨ ਲਈ ਉਤਸ਼ਾਹਤ ਕੀਤਾ।ਸਕੂਲ ‘ਚ ਪੁੱਜਣ ‘ਤੇ ਪ੍ਰਿੰਸੀਪਲ ਸੁਖਚੈਨ ਕੌਰ ਵਿਰਕ ਅਤੇ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਡਿਪਟੀ ਕਮਿਸ਼ਨਰ ਦਾ ਭਰਵਾਂ ਸਵਾਗਤ ਕੀਤਾ।

ਉਨ੍ਹਾਂ ਨੇ ਇੱਥੇ ਦੇ ਵਿਦਿਆਰਥੀਆਂ ਨਾਲ ਆਪਣਾ ਸਮਾਂ ਬਤੀਤ ਕਰਦਿਆਂ ਕੇਕ ਕੱਟਕੇ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ‘ਚ ਬਿਹਤਰ ਨਤੀਜੇ ਦਿਖਾਉਣ ਲਈ ਸਨਮਾਨਤ ਵੀ ਕੀਤਾ। ਸਾਕਸ਼ੀ ਸਾਹਨੀ ਨੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀ ਮੰਗ ‘ਤੇ ਕਿਹਾ ਕਿ ਜੁਲਾਈ ਮਹੀਨੇ ਤੱਕ ਸਪੀਚ ਥੈਰੈਪਿਸਟ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਲਈ ਸਮਾਰਟ ਕਲਾਸ ਪ੍ਰਾਜੈਕਟ ਵਾਸਤੇ ਐਲ.ਈ.ਡੀ. ਦੇਣ ਸਮੇਤ ਪਿਛਲੇ ਕਈ ਸਾਲਾਂ ਤੋਂ ਮਦਦ ਕਰਨ ਵਾਲੇ ਸੁਖਜਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।

