ਵਰਲਡ ਯੂਨੀਵਰਸਿਟੀ ਵੱਲੋਂ “ਜੀਵ-ਵਿਭਿੰਨਤਾ ਦੀ ਸੰਭਾਲ” ਵਿਸ਼ੇ ਤੇ ਵਰਕਸ਼ਾਪ ਦਾ ਅਯੋਜਨ
ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਬਾਟਨੀ ਅਤੇ ਵਾਤਾਵਰਨ ਸਾਇੰਸ ਵਿਭਾਗ ਵਲੋਂ ਪ੍ਰੋਫੈਸਰ ਡਾ. ਪ੍ਰਿਤ ਪਾਲ ਸਿੰਘ, ਵਾਈਸ-ਚਾਂਸਲਰ ਸਾਹਿਬ ਜੀ ਦੀ ਯੋਗ ਅਗਵਾਈ ਵਿਚ ਅਤੇ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜੀਵ-ਵਿਭਿੰਨਤਾ ਦਿਵਸ-2022 ਮਨਾਇਆ ਗਿਆ। ਇਸ ਮੌਕੇ ਵਿਭਾਗ ਵਲੋਂ ਪੰਜਾਬ ਬਾਇਓਡਵਰਸਿਟੀ ਬੋਰਡ, ਚੰਡੀਗੜ੍ਹ ਦੇ ਸਹਿਯੋਗ ਨਾਲ “ਜੀਵ-ਵਿਭਿੰਨਤਾ ਦੀ ਸੰਭਾਲ: ਸਾਰੇ ਜੀਵ-ਜੰਤੂਆ ਲਈ ਸਾਂਝੇ ਭਵਿੱਖ ਦਾ ਨਿਰਮਾਣ” ਵਿਸ਼ੇ ਤੇ ਇਕ-ਰੋਜ਼ਾ ਵਰਕਸ਼ਾਪ ਦਾ ਸਫਲ ਅਯੋਜਨ ਕੀਤਾ ਗਿਆ। ਡਾ. ਯਾਦਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਅਤੇ ਇੰਚਾਰਜ, ਬਾਟਨੀ ਅਤੇ ਵਾਤਾਵਰਨ ਸਾਇੰਸ ਵਿਭਾਗ ਨੇ ਇਸ ਵਰਕਸ਼ਾਪ ਵਿੱਚ ਸ਼ਾਮਿਲ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਉਨਾਂ ਨੇ ਵਰਕਸ਼ਾਪ ਦੇ ਮੁੱਖ ਵਿਸ਼ੇ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜੀਵ-ਵਿਭਿੰਨਤਾ ਧਰਤੀ ਦੇ ਵਾਤਾਵਰਣ ਅਤੇ ਵਾਤਾਵਰਣ-ਪ੍ਰਣਾਲੀਆਂ ਨੂੰ ਸੰਤੁਲਿਤ ਕਰਨ ਲਈ ਬਹੁਤ ਜਰੂਰੀ ਹੈ। ਵਰਕਸ਼ਾਪ ਮੌਕੇ ਅਲੱਗ ਅਲੱਗ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਹਨਾਂ ਵਿਚ ਡਾ. ਪਰਮਜੀਤ ਸਿੰਘ, ਪ੍ਰੋਫੈਸਰ ਐਮੀਨੈਂਸ ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸਾਬਕਾ ਡਾਇਰੈਕਟਰ, ਬੋਟੈਨਿਕਲ ਸਰਵੇ ਆਫ ਇੰਡੀਆ ਨੇ “ਭਾਰਤ ਵਿਚ ਪੌਦਿਆ ਦੀ ਵਿਭਿੰਨਤਾ ”, ਡਾ. ਮੁਨਰੁਚੀ ਕੌਰ, ਪ੍ਰੋਫੈਸਰ ਬਾਟਨੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ “ਪੰਜਾਬ ਵਿਚ ਉਗਣ ਵਾਲੀਆ ਖੁੰਬਾਂ ਦੀਆ ਪ੍ਰਜਾਤੀਆ ਵਿਚ ਵਿਭਿੰਨਤਾ”, ਡਾ. ਐਮ. ਸੀ. ਸਿੱਧੂ, ਬਾਟਨੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ “ਜੀਵ ਵਿਭਿੰਨਤਾ: ਅਸਲੀਅਤ ਅਤੇ ਚਿੰਤਨ” ਅਤੇ ਡਾ. ਓਂਕਾਰ ਸਿੰਘ ਬੜੈਚ, ਜ਼ੂਆਲੋਜੀ ਅਤੇ ਇਨਵਾਰੀਨਮੈਂਟ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ “ਪੰਜਾਬ ਦੀਆਂ ਜਲਗਾਹਾਂ ਦੇ ਈਕੋਸਿਸਟਮ ਦੀ ਜੀਵ ਵਿਭਿੰਨਤਾ: ਖ਼ਦਸ਼ੇ ਅਤੇ ਰੋਕਥਾਮ ਦੇ ਤਰੀਕੇ” ਵਿਸ਼ਿਆਂ ਤੇ ਚਰਚਾ ਕੀਤੀ। ਇਸ ਸਮਾਗਮ ਦੌਰਾਨ ਪ੍ਰੋ. ਐਸ. ਐਸ. ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਨੁੱਖ ਦੀ ਨਾਂ ਸਮਝੀ ਕਾਰਨ ਪੈਦਾ ਹੋਏ ਜਲਵਾਊ ਸੰਕਟ (ਜਲਵਾਯੂ ਤਬਦੀਲੀ) ਦੇ ਸਿੱਟੇ ਵੱਜੋਂ ਪੂਰੀ ਦੁਨੀਆ ਵਿੱਚ ਦਿਨੋ-ਦਿਨ ਜੀਵ-ਵਿਭਿੰਨਤਾ ਘੱਟ ਰਹੀ ਹੈ, ਜੋ ਕਿ ਇਕ ਆਉਣ ਵਾਲੇ ਸੰਕਟ ਨੂੰ ਦਰਸਾਉਂਦੀ ਹੈ।
ਸਾਨੂੰ ਜੀਵ-ਵਿਭਿੰਨਤਾ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ ਤੇ ਇਸ ਨੂੰ ਬਚਾਉਣ ਲਈ ਮਿਲ ਕੇ ਯਾਤਨ ਕਰਨੇ ਚਾਹੀਦੇ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਪ੍ਰਿਤ ਪਾਲ ਸਿੰਘ, ਵਾਈਸ ਚਾਂਸਲਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਇਸ ਵਰਕਸ਼ਾਪ ਨੂੰ ਸਫਲਤਾਪੂਰਵਕ ਕਰਵਾਉਣ ਲਈ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ। ਉਹਨਾ ਕਿਹਾ ਕਿ ਵੱਧ ਰਹੀ ਮਨੁੱਖੀ ਆਬਾਦੀ ਦੇ ਕਾਰਨ ਘੱਟ ਰਹੇ ਜੰਗਲੀ ਖੇਤਰਫਲ ਦੇ ਨਾਲ ਹੀ ਵੱਧ ਰਿਹਾ ਪ੍ਰਦੂਸ਼ਣ ਵੀ ਜੀਵ-ਵਿਭਿੰਨਤਾ ਦੇ ਘਟਣ ਦਾ ਇੱਕ ਮੁੱਖ ਕਾਰਨ ਹੈ। ਇਸ ਧਰਤੀ ਨੂੰ ਅਰਬਾਂ ਸਾਲਾਂ ਤੋਂ ਰਹਿਣ ਯੋਗ ਬਣਾਉਣ ਵਿੱਚ ਜੀਵ-ਵਿਭਿੰਨਤਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾ ਕਿਹਾ ਕਿ ਸਰਕਾਰ ਨੂੰ ਜੀਵ-ਵਿਭਿੰਨਤਾ ਦੀ ਸੁਰੱਖਿਆ ਲਈ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਾਲ ਹੀ ਜੀਵ-ਵਿਭਿੰਨਤਾ ਦੀ ਮਹੱਤਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ। ਪ੍ਰੋ. ਪ੍ਰਿਤ ਪਾਲ ਸਿੰਘ, ਵਾਈਸ-ਚਾਂਸਲਰ ਨੇ ਇਸ ਮੌਕੇ ਪੰਜਾਬ ਜੀਵ-ਵਿਭਿੰਨਤਾ ਬੋਰਡ ਚੰਡੀਗੜ੍ਹ, ਨੈਸ਼ਨਲ ਜੀਵ-ਵਿਭਿੰਨਤਾ ਅਥਾਰਟੀ, ਨਿਊ ਦਿੱਲੀ ਦਾ ਇਸ ਵਰਕਸ਼ਾਪ ਨੂੰ ਸਪਾਂਸਰ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਇਸ ਵਰਕਸ਼ਾਪ ਨੂੰ ਸਫ਼ਲਤਾ ਪੂਰਵਕ ਸਿਰੇ ਚਾੜਨ ਲਈ ਵਿਭਾਗ ਦੇ ਸਮੂਹ ਫੈਕਲਟੀ ਮੈਬਰਾਂ ਨੂੰ ਮੁਬਾਰਕਬਾਦ ਦਿੱਤੀ। ਵਰਕਸ਼ਾਪ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਜਿਵੇਂ ਸਿਖਿਆ ਵਿਭਾਗ, ਜ਼ੂਆਲੋਜੀ ਵਿਭਾਗ ਅਤੇ ਬਾਟਨੀ ਅਤੇ ਇਨਵਾਰੀਨਮੈਂਟਲ ਸਾਇੰਸ ਵਿਭਾਗ ਦੇ ਲਗਭਗ 100 ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾਂ ਇਨ੍ਹਾਂ ਵਿਭਾਗਾਂ ਦਾ ਸਾਰਾ ਸਟਾਫ ਵੀ ਹਾਜ਼ਿਰ ਰਿਹਾ। ਇਸ ਸਮਾਗਮ ਦੇ ਅੰਤ ਵਿਚ ਆਪਣੇ ਧੰਨਵਾਦੀ ਭਾਸ਼ਣ ਵਿਚ ਡਾ. ਨਵਦੀਪ ਕੌਰ, ਸਹਾਇਕ ਪ੍ਰੋਫੈਸਰ, ਬਾਟਨੀ ਅਤੇ ਵਾਤਾਵਰਨ ਸਾਇੰਸ ਵਿਭਾਗ ਨੇ ਇਸ ਵਰਕਸ਼ਾਪ ਵਿਚ ਬੁਲਾਰੇ ਵੱਜੋ ਸ਼ਾਮਿਲ ਹੋਏ ਮਾਹਰਾਂ ਅਤੇ ਸਮੂਹ ਭਾਗੀਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

