ਲੀਵ ਟਰੈਵਲ ਕਨਸੈਸ਼ਨ ਸਬੰਧੀ ਪੰਜਾਬ ਸਰਕਾਰ ਦਾ ਸਪੱਸ਼ਟੀਕਰਨ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਨੂੰ ਬਦਨਾਮ ਕਰਨ ਦੀ ਡੂੰਘੀ ਚਾਲ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨੇ ਕੀਤੀ ਸਖਤ ਨਿਖੇਧੀ -ਲੁਬਾਣਾ -ਰਾਣਵਾਂ
ਪਟਿਆਲਾ:-02 ਜੂਨ (ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਬੀਤੇ ਦਿਨ ਮਿਤੀ 31 ਮਈ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੇ ਲੀਵ ਟ੍ਰੈਵਲ ਕਨਸ਼ੈਸ਼ਨ ਦੇਣ ਸਬੰਧੀ ਜਾਰੀ ਕੀਤੇ ਗਏ ਸਪਸ਼ਟੀਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਦੀ ਡੂੰਘੀ ਚਾਲ ਚੱਲਣ ਅਤੇ ਪੈਨਸ਼ਨਰ ਵਰਗ ਦਾ ਆਰਥਿਕ ਤੌਰ ਤੇ ਨੁਕਸਾਨ ਕਰਨ ਲਈ ਤਿੱਖਾ ਹਮਲਾ ਕਰਾਰ ਦਿੱਤਾ ਹੈ ।
ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਰਣਬੀਰ ਢਿੱਲੋਂ,ਦਰਸ਼ਨ ਸਿੰਘ ਲੁਬਾਣਾ,ਰਣਜੀਤ ਸਿੰਘ ਰਾਣਵਾਂ,ਕਰਤਾਰ ਪਾਲ,ਗੁਰਮੇਲ ਮੈਲਡੇ ਅਤੇ ਅਵਤਾਰ ਸਿੰਘ ਗੱਗੜਾ ਨੇ ਦੱਸਿਆ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਸਾਲ 1996 ਤੋਂ ਲੈ ਕੇ ਹੁਣ ਤੱਕ ਹਰ ਚਾਰ ਸਾਲਾਂ ਬਾਅਦ ਲੀਵ ਟਰੈਵਲ ਕਨਸੈਸ਼ਨ ਦੇਣ ਦੇ ਮੰਤਵ ਨੂੰ ਮੁੱਖ ਰੱਖਕੇ ਮੁਲਾਜ਼ਮ ਦੇ ਪਰਿਵਾਰ ਵੱਲੋਂ ਕੀਤੀ ਗਈ ਯਾਤਰਾ ਦਾ ਅਸਲ ਕਲੇਮ ਦਿੱਤਾ ਜਾਂਦਾ ਹੈ ਅਤੇ ਪੰਜਾਬ ਦੇ ਪੈਨਸ਼ਨਰਾਂ ਨੂੰ ਹਰ ਦੋ ਸਾਲ ਬਾਅਦ ਇੱਕ ਮਹੀਨੇ ਦੀ ਮੁੱਢਲੀ ਤਨਖਾਹ ਦੇ ਬਰਾਬਰ ਬਿਨਾਂ ਯਾਤਰਾ ਕੀਤੇ ਜਨਵਰੀ ਜਾਂ ਜੁਲਾਈ ਮਹੀਨੇ ਦੀ ਪੈਨਸ਼ਨ ਦੇ ਨਾਲ ਇੱਕ ਮਹੀਨੇ ਦੀ ਮੁੱਢਲੀ ਪੈਨਸ਼ਨ ਦੇ ਬਰਾਬਰ ਲੀਵ ਟਰੈਵਲ ਕਨਸੈਸ਼ਨ ਦਿੱਤਾ ਜਾਂਦਾ ਹੈ ।
ਆਗੂਆਂ ਨੇ ਕਿਹਾ ਕਿ ਇਸ ਸਪਸ਼ਟੀਕਰਨ ਅਨੁਸਾਰ ਜੇਕਰ ਪਤੀ ਅਤੇ ਪਤਨੀ ਦੋਵੇਂ ਪੰਜਾਬ ਸਰਕਾਰ ਦੇ ਪੈਨਸ਼ਨਰ ਹਨ , ਹੁਣ ਉਨ੍ਹਾਂ ਵਿੱਚੋਂ ਪਤੀ ਜਾਂ ਪਤਨੀ ਇੱਕ ਨੂੰ ਐਲ.ਟੀ.ਸੀ. ਲੈਣ ਲਈ ਆਪਣੇ ਬੈਂਕ ਨੂੰ ਮਿਤੀ 30 ਜੂਨ 2022 ਤੱਕ ਲਿਖਤੀ ਤੌਰ ਤੇ ਅੰਡਰਟੇਕਿੰਗ ਦੇਣੀ ਪਵੇਗੀ ਕਿ ਦੋਵਾਂ ਵਿੱਚੋਂ ਕਿਸ ਇੱਕ ਨੇ ਲੀਵ ਟਰੈਵਲ ਕਨਸੈਸ਼ਨ ਲੈਣਾ ਹੈ । ਆਗੂਆਂ ਨੇ ਕਿਹਾ ਹੈ ਕਿ ਮੁਲਾਜ਼ਮ ਦੇ ਪਰਿਵਾਰ ਵੱਲੋਂ ਅਸੀਂ ਯਾਤਰਾ ਕਰਨ ਤੋਂ ਬਾਅਦ ਹੀ ਅਸਲ ਤੌਰ ਤੇ ਐੱਲ. ਟੀ ਸੀ ਕਲੇਮ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਪਤੀ ਪਤਨੀ ਤੇ ਯਾਤਰਾ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਦਾ ਕਲੇਮ ਹੁੰਦਾ ਹੈ । ਆਗੂਆਂ ਨੇ ਕਿਹਾ ਕਿ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਪਤੀ ਪਤਨੀ ਦੋਵਾਂ ਨੇ ਇੱਕੋ ਕਲੇਮ ਡਬਲ ਕਲੇਮ ਕਰ ਲਿਆ ਹੋਵੇ ਜੇਕਰ ਕਿਤੇ ਅਜਿਹਾ ਵਾਪਰਿਆ ਹੈ ਤਾਂ ਪੰਜਾਬ ਸਰਕਾਰ ਵੱਲੋਂ ਸਬੰਧਤ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਸੀ ਨਾ ਕਿ ਅਜਿਹੇ ਗ਼ੈਰ ਤਰਕਸੰਗਤ ਤੇ ਬੇਤੁਕੇ ਸਪੱਸ਼ਟੀਕਰਨ ਜਾਰੀ ਕਰਕੇ ਸਮੁੱਚੇ ਮੁਲਾਜ਼ਮ ਵਰਗ ਨੂੰ ਬਦਨਾਮ ਕਰਨਾ,ਇਸ ਮੌਕੇ ਜਗਮੋਹਨ ਨੋਂਲੱਖਾ,ਸੁਖਦੇਵ ਸਿੰਘ ਸੁਰਤਾਪੁਰੀ,ਜਸਵਿੰਦਰ ਉੱਘੀ,ਚੰਦਨ ਸਿੰਘ,ਬਲਜਿੰਦਰ ਸਿੰਘ,ਮੇਲਾ ਸਿੰਘ ਪੁੰਨਾਵਾਲ,ਆਦਿ ਸ਼ਾਮਲ ਸਨ ।

