ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਚੁਣੇ ਗਏ ਖ਼ਾਲਸਾ ਕਾਲਜ ਟੀਚਿੰਗ ਯੂਨੀਅਨ ਦੇ ਪ੍ਰਧਾਨ
ਪਟਿਆਲਾ (14 ਅਪ੍ਰੈਲ) (ਮਧੂਸਾਰ ਬਿਊਰੋ) ਅੱਜ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਿੰਗ ਯੂਨੀਅਨ ਦੇ ਖ਼ਾਲਸਾ ਕਾਲਜ ਪਟਿਆਲਾ ਦੇ ਲੋਕਲ ਟੀਚਿੰਗ ਯੂਨਿਟ ਦੀ ਚੋਣ ਲਈ ਕਾਲਜ ਦੇ ਭਾਈ ਗੁਰਦਾਸ ਹਾਲ ਵਿਖੇ ਹੋਏ ਜਨਰਲ ਇਜਲਾਸ ਦੌਰਾਨ ਡਾ. ਵਿਕਰਮ ਗੁਪਤਾ ਨੇ ਪ੍ਰੋ. ਧਾਲੀਵਾਲ ਦੇ ਅਧਿਆਪਕਾਂ ਦੇ ਹੱਕਾਂ ਦੇ ਸੰਘਰਸ਼ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਬਣਾਉਣ ਦਾ ਮਤਾ ਪੇਸ਼ ਕੀਤਾ ਜਿਸ ਦੀ ਸਾਰੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਅਤੇ ਤਾੜੀਆਂ ਦੇ ਨਾਲ ਪ੍ਰੋੜਤਾ ਕਰਕੇ ਸਰਬਸੰਮਤੀ ਨਾਲ ਚੋਣ ਕੀਤੀ। ਸੈਸ਼ਨ 2022-23 ਲਈ ਹੋਈ ਇਸ ਚੋਣ ਵਿੱਚ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਉਪਰੰਤ ਇਜਲਾਸ ਵਿਚ ਮੌਜੂਦ ਸਾਰੇ ਅਧਿਆਪਕਾਂ ਨੇ ਪ੍ਰੋ. ਧਾਲੀਵਾਲ ਨੂੰ ਵਧਾਈ ਦਿੰਦਿਆਂ ਆਪਣੀ ਟੀਮ ਚੁਣਨ ਦਾ ਸੱਦਾ ਦਿੱਤਾ । ਜਿਸ ਉਪਰੰਤ ਡਾ. ਰਤਨਪਾਲ ਸਿੰਘ ਰੰਧਾਵਾ ਨੂੰ ਉੱਪ-ਪ੍ਰਧਾਨ, ਡਾ. ਪੂਨਮਦੀਪ ਸਿੰਘ ਨੂੰ ਸਕੱਤਰ, ਡਾ. ਭਰਤ ਗੋਇਲ ਨੂੰ ਖਜ਼ਾਨਚੀ ਅਤੇ ਪ੍ਰੋ. ਬਲਦੇਵ ਸਿੰਘ ਨੂੰ ਜੁਆਇੰਟ ਸੈਕਟਰੀ ਦੇ ਅਹੁਦੇਦਾਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ ।
ਪ੍ਰੋ. ਧਾਲੀਵਾਲ ਨੇ ਯੂਨੀਅਨ ਦੇ ਪਿਛਲੇ ਯੂਨਿਟ ਦੇ ਅਹੁਦੇਦਾਰਾਂ ਅਤੇ ਕਾਲਜ ਦੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪਿਛਲੀ ਕਾਂਗਰਸ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੀਤੇ ਗਏ ਸੰਘਰਸ਼ ,ਰੋਸ ਮੁਜ਼ਾਹਰਿਆਂ ਅਤੇ ਕੋਰਟ ਅਰੈਸਟ ਦੌਰਾਨ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰੋ. ਧਾਲੀਵਾਲ ਅਤੇ ਹੋਰ ਅਹੁਦੇਦਾਰਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ਦੌਰਾਨ ਅਧਿਆਪਕ ਹਿੱਤਾਂ ਦੇ ਲਈ ਕੰਮ ਕਰਦੇ ਰਹਿਣਗੇ ਅਤੇ ਪੀ. ਸੀ. ਸੀ. ਟੀ. ਯੂ. ਦੀ ਸੈਂਟਰਲ ਕਮੇਟੀ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਇਸ ਮੌਕੇ ਤੇ ਪੀ. ਸੀ. ਸੀ. ਟੀ. ਯੂ. ਦੀ ਪਟਿਆਲਾ-ਫਤਹਿਗੜ੍ਹ ਸਾਹਿਬ ਜ਼ਿਲ੍ਹਾ ਕੌਂਸਲ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ,ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਦੇ ਪ੍ਰਧਾਨ ਡਾ. ਵਿਨੇ ਸੋਫਤ, ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਰੰਧਾਵਾ , ਮੁਲਤਾਨੀ ਮੱਲ ਮੋਦੀ ਕਾਲਜ ਦੀ ਟੀਚਿੰਗ ਯੂਨੀਅਨ ਦੇ ਪ੍ਰਧਾਨ ਡਾ. ਸੁਮਿਤ ਕੁਮਾਰ, ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਦੀ ਟੀਚਿੰਗ ਯੂਨੀਅਨ ਦੇ ਪ੍ਰਧਾਨ ਡਾ.ਰਾਸ਼ਿਦ ਰਸ਼ੀਦ, ਖ਼ਾਲਸਾ ਕਾਲਜ ਪਟਿਆਲਾ ਦੀ ਨਾਨ ਟੀਚਿੰਗ ਯੂਨੀਅਨ ਦੇ ਪ੍ਰਧਾਨ ਸਮਸ਼ੇਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਵੀ ਪ੍ਰੋ. ਧਾਲੀਵਾਲ ਨੂੰ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦਿਆ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

