ਮੁੱਖ ਮੰਤਰੀ ਭਗਵੰਤ ਮਾਨ ਬੁਲਾਉਣ, ਨਾ ਜਾਵਾਂਗਾ, ਨਾ ਮਿਲਾਂਗਾ : ਪ੍ਰਤਾਪ ਸਿੰਘ ਬਾਜਵਾ
ਪ੍ਰਤਾਪ ਬਾਜਵਾ ਨੇ ਜੇਲ੍ਹ ’ਚ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤ, ਸਿੱਧੂ ਨੇ ਸਿਹਤਯਾਬ
ਭਗਵੰਤ ਮਾਨ ਕੋਲ ਨਾ ਤਜਰਬਾ, ਨਾ ਕਾਬਲੀਅਤ ਅਤੇ ਨਾ ਹੀ ਫਰਾਖਦਿਲੀ
ਪਟਿਆਲਾ 10 ਜੂਨ (ਰਮਨਦੀਪ/ਮਧੂਸਾਰ ਬਿਊਰੋ) ਕਾਂਗਰਸ ਵਿਰੋਧੀ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਰੋਡ ਰੇਜ ਮਾਮਲੇ ਵਿਚ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨੇ ਲਾਏ ਅਤੇ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਬਾਈਕਾਟ ਕੀਤੇ ਜਾਣ ਦੀ ਗੱਲ ਕਹੀ ਤੇ ਆਖਿਆ ਕਿ ਉਹ ਹੁਣ ਮੁੱਖ ਮੰਤਰੀ ਦਾ ਮੂੰਹ ਤੱਕ ਨਹੀਂ ਵੇਖਣਗੇ ਭਾਵੇਂ ਭਗਵੰਤ ਮਾਨ ਉਨ੍ਹਾਂ ਨੂੰ ਬੁਲਾਉਣਗੇ ਤਾਂ ਵੀ ਉਹ ਮਿਲਣ ਲਈ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਵਜੋਂ ਉਹ ਮੁੱਖ ਮੰਤਰੀ ਭਗਵੰਤ ਨਾਲ ਮੁਲਾਕਾਤ ਨਹੀਂ ਕਰਨਗੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ, ਨਾ ਕਾਬਲੀਅਤ ਅਤੇ ਨਾ ਹੀ ਏਨਾ ਕੋਲ ਫਿਰਾਖਦਿਲੀ ਹੈ। ਜੇਲ੍ਹ ਤੋਂ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਸਿਹਤਯਾਬ ਅਤੇ ਚੜ੍ਹਦੀਕਲਾ ਵਿਚ ਹਨ।

ਇਕ ਸਵਾਲ ਦੇ ਜਵਾਬ ’ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਸਿਹਤ ਮੰਤਰੀ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਭਿ੍ਰਸ਼ਟਾਚਾਰ ਮਾਮਲੇ ਵਿਚ ਫੜੇ ਗਏ ਵਿਧਾਇਕ ਵਿਜੈ ਸਿੰਗਲਾ ਬਾਰੇ ਵੀ ਕਦੇ ਸਪੱਸ਼ਟ ਕਰ ਦਿਆ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਦੇ ਹਾਲਾਤਾਂ ਅਤੇ ਵਿਗੜ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਿਲਣ ਗਈ ਸੀ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਕਹਿਣ ’ਤੇ ਕਾਂਗਰਸੀ ਲੀਡਰਾਂ ਨੂੰ ਜ਼ਲੀਲ ਕੀਤਾ ਅਤੇ ਦੇਰ ਤੱਕ ਬਿਠਾਕੇ ਖੱਜਲ ਖੁਆਰ ਕੀਤਾ, ਜਦਕਿ ਮੁੱਖ ਮੰਤਰੀ ਘਰ ਵਿਚ ਹੀ ਮੌਜੂਦ ਸਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਕਾਤਲਾਂ ਦਾ ਹੁਣ ਤੱਕ ਨਾ ਫੜਿਆ ਜਾਣਾ ਵੀ ਵੱਡੇ ਸਵਾਲ ਖੜੇ ਕਰਦਾ, ਜਿਸ ਕਰਕੇ ਮੁੱਖ ਮੰਤਰੀ ਨੂੰ ਮਿਲਕੇ ਅਪੀਲ ਕਰਨੀ ਸੀ ਕਿ ਸਿੱਧੂ ਕਤਲ ਕੇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਕਿਉਂਕਿ ਇੰਟਰਪੋਲ ਤਹਿਤ ਕੇਂਦਰੀ ਏਜੰਸੀਆਂ ਹੀ ਵਿਦੇਸ਼ਾਂ ਵਿਚ ਬੈਠੇ ਅਪਰਾਧਕ ਵਿਅਕਤੀਆਂ ਨੂੰ ਪੰਜਾਬ ਲਿਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਵਿਅਕਤੀ ਵਿਦੇਸ਼ਾਂ ਵਿਚ ਬੈਠੇ ਹਨ ਅਤੇ ਪੀੜਤ ਪਰਿਵਾਰ ਵਾਲਿਆਂ ਨੂੰ ਪੰਜਾਬ ਪੁਲਿਸ ’ਤੇ ਕੋਈ ਭਰੋਸਾ ਨਹੀਂ ਹੈ ਇਸ ਕਰਕੇ ਪਰਿਵਾਰ ਵੀ ਚਾਹੁੰਦਾ ਹੈ ਕਿ ਕੇਂਦਰੀ ਏਜੰਸੀ ਆਪਣੇ ਹੱਥਾਂ ਵਿਚ ਇਹ ਕੇਸ ਲਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਭਿ੍ਰਸ਼ਟਾਚਾਰ ਮਾਮਲੇ ਵਿਚ ਸ਼ਾਮਲ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਦਾ ਕਾਂਗਰਸ ਸਮਰਥਨ ਨਹੀਂ ਕਰਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਹੈਰੀਮਾਨ, ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਆਦਿ ਹਾਜ਼ਰ ਸਨ।

