ਕੌਮਾਂਤਰੀ ਯੋਗ ਦਿਹਾੜੇ ਦੇ ਸੰਬੰਧ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ. ਸੀ.) ਵੱਲੋਂ ਕੌਮਾਂਤਰੀ ਯੋਗ ਦਿਹਾੜੇ ਦੇ ਸੰਬੰਧ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਈ. ਐੱਮ. ਆਰ. ਸੀ. ਵੱਲੋਂ ਇਸ ਲੜੀ ਹੁਣ ਤੱਕ ਦੋ ਯੋਗਾ ਕੈਂਪ ਸਫਲਤਾਪੂਰਵਕ ਲਗਾਏ ਗਏ ਹਨ। ਯੋਗਾ ਕੈਂਪਾਂ ਦੇ ਆਯੋਜਨ ਤੋਂ ਇਲਾਵਾ ਈ.ਐਮ.ਆਰ.ਸੀ ਪਟਿਆਲਾ ਵੱਲੋਂ ਮਈ ਮਹੀਨੇ ਤੋਂ ਨਿਰੰਤਰ ਤੌਰ ਉੱਤੇ ਵੱਖ-ਵੱਖ ਤਰ੍ਹਾਂ ਦੇ ਪੋਸਟਰ ਵੀ ਸੋਸ਼ਲ ਮੀਡੀਆ ਉੱਤੇ ਸਾਂਝੇ ਗਏ ਤਾਂ ਕਿ ਆਮ ਲੋਕਾਂ ਵਿੱਚ ਯੋਗਾ ਪ੍ਰਤੀ ਆਕ੍ਰਸ਼ਣ ਪੈਦਾ ਕੀਤਾ ਜਾ ਸਕੇ। ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਤੇ ਸੀ.ਈ.ਸੀ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਯੋਗਾ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮੰਤਵ ਤਹਿਤ ਇਹ ਕਦਮ ਉਠਾਇਆ ਗਿਆ ਜਿਸ ਵਿੱਚ ਪੋਸਟਰਾਂ ਰਾਹੀਂ ਯੋਗਾ ਦੇ ਵੱ-ਵਖ ਆਸਨਾਂ ਦੇ ਫਾਇਦੇ ਦੱਸਦੇ ਹੋਏ ਇਹ ਪੋਸਟਰ ਤਿਆਰ ਕੀਤੇ ਗਏ ਸਨ। ਈ.ਐਮ.ਆਰ.ਸੀ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਨ੍ਹਾਂ ਸਭ ਸਰਗਰਮੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਵਿਭਾਗ ਆਪਣੇ ਉਦੇਸ਼ਾਂ ਪ੍ਰਤੀ ਲਗਾਤਾਰ ਸਰਗਰਮ ਹੈ।ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿੱਚ ਯੋਗਾ ਦੀ ਕ੍ਰਿਸ਼ਮਈ ਮਹੱਤਤਾ ਅਤੇ ਇਲਾਜ ਸ਼ਕਤੀ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਅਤੇ ਆਮ-ਖਾਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜੀਵਨ ਵਿੱਚ ਯੋਗ ਦਾ ਅਭਿਆਸ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਾਲਣ ਕਰਕੇ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਪ੍ਰੇਰਿਤ ਕਰਨ।

ਪਹਿਲਾ ਯੋਗਾ ਕੈਂਪ ਮੈਰੀਟੋਰੀਅਸ ਸਕੂਲ ਅਰਬਨ ਅਸਟੇਟ ਫੇਜ਼-2, ਪਟਿਆਲਾ ਵਿਖੇ ਪ੍ਰਿੰਸੀਪਲ ਡਾ.ਸੁਰਿੰਦਰ ਨਾਗਰ ਦੀ ਰਹਿਨੁਮਾਈ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਦੇ ਯੋਗਾ ਕੋਚ ਮੈਡਮ ਮੁਕੇਸ਼ ਚੌਧਰੀ ਦੀ ਨਿਗਰਾਨੀ ਵਿੱਚ ਲਾਇਆ ਗਿਆ। ਇਸ ਕੈਂਪ ਵਿਚ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਸਮੇਤ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਦੂਜਾ ਯੋਗਾ ਕੈਂਪ ਮਿਲੇਨੀਅਮ ਸਕੂਲ, ਪਟਿਆਲਾ ਵਿਖੇ ਪ੍ਰਿੰਸੀਪਲ ਮੈਡਮ ਵਨੀਤਾ ਰਾਜਪੂਤ ਦੀ ਦੇਖ-ਰੇਖ ਵਿਚ ਲਾਇਆ ਗਿਆ। ਮੈਡਮ ਮੁਕੇਸ਼ ਚੌਧਰੀ ਅਤੇ ਸਕੂਲ ਵਿਚਲੇ ਯੋਗਾ ਕੋਚ ਵਿਪਨਦੀਪ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਜੀਵਨ ਵਿੱਚ ਯੋਗਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਲੱਗਭਗ 250 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਪ੍ਰਣ ਲਿਆ। ਜਿ਼ਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਜੋ ਖੇਲੋ ਇੰਡੀਆ 2021 ਖੇਡਾਂ ਵਿੱਚ ਵੀ ਭਾਗ ਲੈ ਚੁੱਕੀ ਹੈ, ਵੱਲੋਂ ਵੀ ਆਪਣੇ ਹੁਨਰ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਸਪਨਾ, ਸਾਕਸ਼ੀ, ਸੋਵੀਆ ਰਾਓ, ਸੁਰਿੰਦਰ ਕੁਮਾਰ, ਕਰਮਵੀਰ ਸਿੰਘ, ਸੁਰਿੰਦਰ ਸਿੰਘ ਦੀ ਸ਼ਮੂਲੀਅਤ ਵਾਲੀ ਇਸ ਟੀਮ ਦੇ ਪ੍ਰਦਰਸ਼ਨ ਨੂੰ ਚੰਗਾ ਹੁੰਗਾਰਾ ਹਾਸਿਲ ਹੋਇਆ। ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਗਏ ਸਾਰੇ ਪੋਸਟਰ ਈ.ਐੱਮ.ਆਰ.ਸੀ. ਦੀ ਮੌਲਿਕ ਸਿਰਜਣਾ ਸਨ। ਇਹ ਸਾਰੇ ਪੋਸਟਰ ਯੋਗਾ ਖੇਤਰ ਦੇ ਮਾਹਿਰ ਮੁਕੇਸ਼ ਚੌਧਰੀ ਦੀ ਸਲਾਹ ਨਾਲ ਈ.ਐੱਮ.ਆਰ.ਸੀ. ਤੋਂ ਪ੍ਰੋਡਕਸ਼ਨ ਅਸਿਸਟੈਂਟ ਰੁਚਿਕਾ ਸਚਦੇਵਾ ਵੱਲੋਂ ਡਿਜ਼ਾਈਨ ਕੀਤੇ ਗਏ ਸਨ। ਇਨ੍ਹਾਂ ਕੈਂਪਾਂ ਦੇ ਆਯੋਜਨ ਵਿੱਚ ਈ.ਐੱਮ.ਆਰ.ਸੀ. ਤੋਂ ਪ੍ਰੋਡਿਊਸਰ ਡਾ. ਕੁਲਪਿੰਦਰ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਇੱਕ ਤਸਵੀਰ ਪ੍ਰਤੀਯੋਗਤਾ ਦਾ ਆਯੋਜਨ ਵੀ ਕਰਵਾਇਆ ਜਾ ਰਿਹਾ ਹੈ। ਇਸ ਪ੍ਰਤੀਯੋਗਤਾ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਕਾਲਜਾਂ ਤੋਂ ਤਸਵੀਰਾਂ ਭੇਜੀਆਂ ਗਈਆਂ ਹਨ। ਈ. ਐੱਮ. ਆਰ. ਸੀ. ਵੱਲੋਂ ਯੋਗਾ ਨਾਲ਼ ਸੰਬੰਧਤ ਅਜਿਹੀਆਂ ਗਤੀਵਿਧੀਆਂ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣ ਬਾਰੇ ਕਿਹਾ ਗਿਆ ਹੈ।

