ਪ੍ਰਦਰਸ਼ਨਾਂ ‘ਤੇ ਭਾਜਪਾ ਦਾ ਕਾਂਗਰਸ ਨੂੰ ਸਵਾਲ, ਕੀ ਭ੍ਰਿਸ਼ਟਾਚਾਰ ਤੁਹਾਡਾ ਜਨਮ ਸਿੱਧ ਅਧਿਕਾਰ ਹੈ?
ਚੰਡੀਗੜ੍ਹ, 16 ਜੂਨ (ਮਧੂਸਾਰ ਬਿਊਰੋ) : ਭਾਰਤੀ ਜਨਤਾ ਪਾਰਟੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਤਰਫੋਂ ਰਾਹੁਲ ਗਾਂਧੀ ਤੋਂ ਸਵਾਲ ਕਰਨ ਖਿਲਾਫ਼ ਪੰਜਾਬ ਕਾਂਗਰਸ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ, ਇਸਨੂੰ ਆਪਣੇ ਭ੍ਰਿਸ਼ਟਾਚਾਰ ਨੂੰ ਬਚਾਉਣ ਲਈ ਇਨ੍ਹਾਂ ਦੀ ਨਿੰਦਣਯੋਗ ਕੋਸ਼ਿਸ਼ ਕਰਾਰ ਦਿੱਤਾ ਹੈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਵੱਲੋਂ ਕੀਤੇ ਗਏ ਰੋਸ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਭ੍ਰਿਸ਼ਟਾਚਾਰ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਕਿਸੇ ਨੂੰ ਵੀ ਤੁਹਾਡੇ ਤੋਂ ਸੁਆਲ ਨਹੀਂ ਕਰਨਾ ਚਾਹੀਦਾ? ਭਾਜਪਾ ਆਗੂ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕਾਂਗਰਸੀ ਵਰਕਰ ਤੇ ਆਗੂ ਕਾਨੂੰਨੀ ਕਾਰਵਾਈ ਤੋਂ ਇੰਨੇ ਡਰੇ ਕਿਉਂ ਹਨ। ਉਨ੍ਹਾਂ ਕਿਹਾ ਕਿ ਈਡੀ ਰਾਹੁਲ ਗਾਂਧੀ ਤੋਂ ਸਿਰਫ਼ ਕੁਝ ਸਵਾਲ ਪੁੱਛ ਰਹੀ ਹੈ। ਤੁਸੀਂ ਇਸ ਬਾਰੇ ਇਨ੍ਹਾਂ ਗਲਤ ਕਿਉੰ ਸਮਝ ਰਹੇ ਹੋ ਅਤੇ ਡਰੇ ਹੋਏ ਕਿਉਂ ਹੋ ਜਾਂ ਤੁਹਾਨੂੰ ਭਰੋਸਾ ਨਹੀਂ ਹੈ ਕਿ ਤੁਹਾਡੇ ਆਗੂ ਚ ਸੜਕਾਂ ਤੇ ਪ੍ਰਦਰਸ਼ਨ ਕੀਤੇ ਬਗ਼ੈਰ ਖ਼ੁਦ ਨੂੰ ਬਚਾਉਣ ਦੀ ਕਾਬਲੀਅਤ ਨਹੀਂ ਹੈ।
ਡਾ. ਸ਼ਰਮਾ ਨੇ ਕਿਹਾ ਕਿ ਇਸਨੂੰ ਦੇਖ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਦੁਸ਼ਮਣੀ ਦੀ ਰਾਜਨੀਤੀ ਕਰਨ ਵਰਗੀ ਕੋਈ ਗੱਲ ਨਹੀਂ ਜਾਪਦੀ। ਜਦੋਂ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਜਿਸ ‘ਤੇ ਉਨ੍ਹਾਂ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਚਾਪਲੂਸ ਕਿਉਂ ਸਾਬਤ ਕਰਨਾ ਚਾਹੁੰਦੇ ਹੋ। ਭਾਜਪਾ ਆਗੂ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਪਾਰਟੀ ਨੂੰ ਗਲੀਆਂ ਅਤੇ ਸੜਕਾਂ ‘ਤੇ ਧਰਨੇ ਦੇਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਸਨੂੰ ਹਰ ਪਾਸੇ ਨਕਾਰੇ ਜਾਣ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਪਾਸੇ ਖਤਮ ਹੋ ਰਹੀ ਹੈ, ਜੋ ਹੁਣ ਪੰਜਾਬ ਵਿੱਚ ਵੀ ਪਤਨ ਦੀ ਰਾਹ ਤੁਰ ਪਈ ਹੈ ਅਤੇ ਹੁਣ ਇਹ ਅਜਿਹੇ ਡਰਾਮੇ ਕਰਕੇ ਲੋਕਾਂ ਦਾ ਧਿਆਨ ਆਪਣੇ ਨਿਘਾਰ ਤੋਂ ਹਟਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਪਰ ਨਾ ਤਾਂ ਕੋਈ ਡਰਾਮਾ ਅਤੇ ਨਾ ਹੀ ਕੋਈ ਨੌਟੰਕੀ ਪਾਰਟੀ ਨੂੰ ਦੇਸ਼ ਵਿਚੋਂ ਖਤਮ ਹੋਣ ਤੋਂ ਬਚਾ ਸਕਦੇ ਹਨ।

