ਪੰਜਾਬਪਟਿਆਲਾ

ਸ੍ਰੀ ਸਾਹਿਬ ਪ੍ਰਤੀ ਅਪਮਾਨਜਨਕ ਟਿੱਪਣੀਆਂ ਲਈ ਭਗਵੰਤ ਮਾਨ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ -ਕਰਨੈਲ ਸਿੰਘ ਪੰਜੋਲੀ

ਕਿਹਾ, ਸ੍ਰੀ ਸਾਹਿਬ ਪੰਜ ਕਕਾਰਾਂ ਵਿਚੋਂ ਇਕ ਹੋਣ ਕਾਰਨ ਸਿੱਖ ਧਰਮ ਤੇ ਸਭਿਆਚਾਰ ਦਾ ਅਟੁੱਟ ਅੰਗ ਹੈ

ਕਿਸੇ ਪਤਿਤ ਸਿੱਖ ਨੂੰ ਪੰਜ ਕਕਾਰਾਂ ਬਾਰੇ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ

ਪਟਿਆਲਾ, 21 ਜੂਨ: (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਸ੍ਰੀ ਸਾਹਿਬ ਪ੍ਰਤੀ ਆਪਣੇ ਬੇਅਦਬੀ ਵਾਲੇ ਬਿਆਨਾਂ ਲਈ ਖਾਲਸਾ ਪੰਥ ਤੋੰ ਮੁਆਫ਼ੀ ਮੰਗਣ। ਜਥੇਦਾਰ ਪੰਜੋਲੀ ਨੇ ਇਥੋਂ ਜਾਰੀ ਆਪਣੇ ਇਕ ਲਿਖਤੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਵਲੋਂ ਸਿਖਾਂ ਨੂੰ ਬਖ਼ਸ਼ੇ ਪੰਜ ਕਕਾਰਾਂ ਵਿਚੋਂ ਇਕ ਕਰਾਰ ਹੈ ਜਿਸ ਨੂੰ ਧਾਰਨ ਕਰਨਾ ਹਰ ਅੰਮ੍ਰਿਤਧਾਰੀ ਸਿੱਖ ਲਈ ਲਾਜ਼ਮੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਵਲੋਂ ਧਾਰਨ ਕੀਤੀ ਸ੍ਰੀ ਸਾਹਿਬ ਸਬੰਧੀ ਬੇਲੋੜੀਆਂ ਟ੍ਵਿਪਣੀਆਂ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਸਾਹਿਬ ਦੀ ਬੇਹੁਰਮਤੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰੋਮਾਂ ਦੀ ਬੇਅਦਬੀ ਕਾਰਨ ਵਾਲਾ ਵਿਅਕਤੀ ਹੈ ਜਿਸ ਨੂੰ ਦਸਮੇਸ਼ ਪਿਤਾ ਵਲੋਂ ਬਖ਼ਸ਼ੇ ਅੰਮ੍ਰਿਤ ਉਤੇ ਵੀ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਅਜਿਹਾ ਵਿਅਕਤੀ ਪਤਿਤ ਸਿੱਖ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਲਈ ਇਕ ਪਤਿਤ ਸਿੱਖ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪੰਜ ਕਕਾਰਾਂ ਵਿਚ ਕਿਸੇ ਇਕ ਉਤੇ ਵੀ ਟੀਕਾ ਟਿਪਣੀ ਕਰੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਅਜਿਹਾ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਲਈ ਉਹਨਾਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਅਤੇ ਸਿਧਾਂਤ ਤੋਂ ਕੋਰਾ ਹੋਣ ਦਾ ਦੋਸ਼ ਲਾਉਂਦਿਆਂ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਹਰ ਸਿੱਖ ਨੂੰ ਅੰਮਿ੍ਤ ਛਕਾਉਣ ਵੇਲੇ ਧਾਰਨ ਕਰਵਾਈ ਜਾਂਦੀ ਸ੍ਰੀ ਸਾਹਿਬ ਸਿੱਖ ਅਰਦਾਸ ਦਾ ਨਾ ਸਿਰਫ਼ ਹਿੱਸਾ ਹੈ ਬਲਕਿ ਹਰ ਗੁਰਦੁਆਰਾ ਸਾਹਿਬ ਵਿਚ ਦੋ ਵੇਲੇ ਕੀਤੀ ਜਾਂਦੀ ਅਰਦਾਸ ਸ਼ੁਰੂ ਹੀ ਸ੍ਰੀ ਸਾਹਿਬ ਨੂੰ ਧਿਆ ਕੇ ਕੀਤੀ ਜਾਂਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਨਿਤਨੇਮ ਕਰਨ ਅਤੇ ਅਰਦਾਸ ਕਰਨ ਵਾਲੇ ਸਿੰਘ ਦੇ ਹੱਥ ਵਿਚ ਸ੍ਰੀ ਸਾਹਿਬ ਹੁੰਦੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਇਹ ਫੁਰਮਾਨ ਹੈ ਕਿ ਸ੍ਰੀ ਸਾਹਿਬ ਸਮੇਤ ਸਾਰੇ ਸਸ਼ਤਰ ਸਾਡੇ ਲਈ ਪੂਜਣਯੋਗ ਹਨ। ਉਹਨਾਂ ਕਿਹਾ ਕਿ ਦਸਮ ਪਾਤਸ਼ਾਹ ਦਾ ਹੁਕਮ ਹੈ, “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਬੀ ਯਹੈ ਹਮਾਰੈ ਪੀਰ॥”

Leave a Reply

Your email address will not be published. Required fields are marked *