ਕੌਮਾਂਤਰੀ ਸੰਗੀਤ ਦਿਹਾੜੇ ਦੇ ਹਵਾਲੇ ਨਾਲ ਸੰਗੀਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰੋਗਰਾਮ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਕੌਮਾਂਤਰੀ ਸੰਗੀਤ ਦਿਹਾੜੇ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸੰਗੀਤਕ ਵੱਖ-ਵੱਖ ਪੇਸ਼ਕਾਰੀਆਂ ਹੋਈਆਂ। ਵਰਣਨਯੋਗ ਹੈ ਕਿ ਇਹ ਸਮਾਗਮ ਸਵ. ਉਸਤਾਦ ਲਛਮਣ ਸਿੰਘ ਸੀਨ ਨੂੰ ਸਮਰਪਿਤ ਕੀਤਾ ਗਿਆ ਜੋ ਪੰਜਾਬ ਘਰਾਣੇ ਦੇ ਵਿਖਿਆਤ ਤਬਲਾ ਨਵਾਜ਼ ਸਨ ਅਤੇ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ। ਸਮਾਗਮ ਦੇ ਆਰੰਭ ਵਿਚ ਸੰਗੀਤ ਅਤੇ ਇਸਦੀ ਜੀਵਨ ਵਿਚ ਸਾਰਥਕਤਾ ਵਿਸ਼ੇ ਉੱਤੇ ਵੱਖ’-ਵੱਖ ਸ਼ਖਸੀਅਤਾਂ ਦੇ ਸੰਦੇਸ਼ ਇੱਕ ਡਾਕੂਮੈਂਟਰੀ ਦੇ ਰੂਪ ਵਿਚ ਪ੍ਰਦਰਸ਼ਿਤ ਕੀਤੇ ਗਏ ਜਿਸਦਾ ਨਿਰਮਾਣ ਸੰਗੀਤ ਵਿਭਾਗ ਵਲੋਂ ਕੀਤਾ ਗਿਆ।

ਸੰਗੀਤ ਵਿਭਾਗ ਦੇ ਮੁਖੀ, ਡਾ ਨਿਵੇਦਿਤਾ ਸਿੰਘ ਨੇ ਵਿਸ਼ਵ ਸੰਗੀਤ ਦਿਵਸ ਦੀ ਸ਼ੁਰੂਆਤ ਅਤੇ ਸਾਰਥਕਤਾ ਬਾਰੇ ਗੱਲਬਾਤ ਕਰਦੇ ਹੋਏ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਵਿਭਾਗ ਦੇ ਵਿਦਿਆਰਥੀਆਂ ਵਲੋਂ ਸਮੂਹਿਕ ਰੂਪ ਵਿਚ ਸ਼ਾਸਤਰੀ ਗਾਇਨ ਦੀ ਮਨਮੋਹਕ ਪੇਸ਼ਕਾਰੀ ਡਾ. ਨਿਵੇਦਿਤਾ ਸਿੰਘ ਦੀ ਅਗਵਾਈ ਵਿਚ ਦਿੱਤੀ ਗਈ, ਜਿਸ ਵਿਚ ਰਾਗ ਕਲਾਵਤੀ, ਜੋਗ ਅਤੇ ਮਾਰੂ ਬਿਹਾਗ ਵਿਚ ਬੰਦਿਸ਼ਾਂ ਦਾ ਗਾਇਨ ਕੀਤਾ ਗਿਆ। ਭਾਰਤੀ ਸੰਗੀਤ ਦੀ ਇੱਕ ਹੋਰ ਵਿਧਾ ਰਾਬਿੰਦਰਾ ਸੰਗੀਤ ਦੀ ਪੇਸ਼ਕਾਰੀ ਮੋਨੀਸ਼ਾ ਬੈਨਰਜੀ ਦੁਆਰਾ ਦਿੱਤੀ ਗਈ ਜਿਸ ਵਿਚ ਗੁਰੂ ਨਾਨਕ ਵਲੋਂ ਰਚਿਤ ਆਰਤੀ ਦਾ ਗੁਰੂਦੇਵ ਟੈਗੋਰ ਵਲੋਂ ਕੀਤਾ ਬੰਗਲਾ ਅਨੁਵਾਦ ਦਾ ਗਾਇਨ ਕੀਤਾ ਗਿਆ। ਵਾਦਨ ਸੰਗੀਤ ਦੀ ਸਮੂਹਕ ਪੇਸ਼ਕਾਰੀ ਫਿਊਜ਼ਨ ਰੂਪ ਵਿਚ ਵਿਦਿਆਰਥੀਆਂ ਵਲੋਂ ਕੀਤੀ ਗਈ, ਜਿਸਦੀ ਅਗਵਾਈ ਵਨੀਤਾ ਨੇ ਕੀਤੀ।
ਪ੍ਰੋਗਰਾਮ ਦੇ ਅੰਤ ਵਿਚ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਦੇ ਵਿਦਿਆਰਥੀਆ ਵਲੋਂ ਵੱਖ -ਵੱਖ ਸਾਜ਼ਾਂ ਉੱਤੇ ਰਾਸ਼ਟਰੀ ਗਾਨ ਦਾ ਵਾਦਨ ਕੀਤਾ ਗਿਆ ਜਿਸਦਾ ਸੰਯੋਜਨ ਡਾ. ਰਹਿਮੋ ਦੁਆਰਾ ਕੀਤਾ ਗਿਆ। ਇਹ ਪੇਸ਼ਕਾਰੀ ਪ੍ਰੋਗਰਾਮ ਦਾ ਸਿਖਰ ਹੋ ਨਿਬੜੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਲੋਂ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਅਗਲੇ ਸਾਲ ਤੋਂ ਕੌਮਾਂਤਰੀ ਸੰਗੀਤ ਦਿਹਾੜਾ ਹੋਰ ਵੱਡੇ ਰੂਪ ਵਿਚ ਯੂਨੀਵਰਸਿਟੀ ਵਲੋਂ ਮਨਾਇਆ ਜਾਵੇਗਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਅਲੰਕਾਰ ਸਿੰਘ ਦੁਆਰਾ ਕੀਤਾ ਗਿਆ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਪ੍ਰੋ, ਜਸਬੀਰ ਕੌਰ, ਪ੍ਰੋ , ਮਲਕਿੰਦਰ ਕੌਰ, ਡਾ਼ ਗਗਨਦੀਪ ਥਾਪਾ, ਡਾ, ਜਯੋਤੀ ਸ਼ਰਮਾ, ਡਾ ਰਵਿੰਦਰ ਕੌਰ, ਡਾ. ਕੁਮਕੁਮ ਬਜਾਜ, ਡਾ਼ ਭੀਮ ਇੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

