ਅਗਨੀਪਥ ਸਕੀਮ ਦੇ ਵਿਰੋਧ ‘ਚ ਮਹਿਲਾ ਕਿਸਾਨ ਯੂਨੀਅਨ ਨੇ ਰਾਜਨਾਥ ਸਿੰਘ ਦਾ ਪੁਤਲਾ ਫੂਕਿਆ
ਸੰਯੁਕਤ ਮੋਰਚੇ ਨੇ ਰਾਸ਼ਟਰਪਤੀ ਨੂੰ ਭੇਜਣ ਵਾਲਾ ਮੰਗ ਪੱਤਰ ਜ਼ਿਲਾ ਅਧਿਕਾਰੀਆਂ ਨੂੰ ਸੌਂਪਿਆ
ਜਲੰਧਰ 24 ਜੂਨ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਵੱਲੋਂ ਚਲਾਈ ਅਗਨੀਪੱਥ ਸਕੀਮ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਮਹਿਲਾ ਕਿਸਾਨ ਯੂਨੀਅਨ ਵੱਲੋਂ ਰੋਸ ਮੁਜ਼ਾਹਰੇ ਉਪਰੰਤ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲਾ ਮੰਗ ਪੱਤਰ ਜਿਲ੍ਹਾ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸ ਸਬੰਧੀ ਵੇਰਵੇ ਦਿੰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਦੱਸਿਆ ਕਿ ਬੇਰੁਜ਼ਗਾਰਾਂ ਲਈ ਫੌਜ਼ ਵਿੱਚ ਚਾਰ ਸਾਲਾ ਆਰਜੀ ਭਰਤੀ ਯੋਜਨਾ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਸੰਸਦ ਅਤੇ ਜਨਤਾ ਨੂੰ ਭਰੋਸੇ ਵਿਚ ਲਏ ਬਿਨਾਂ ਲਾਗੂ ਕੀਤੀ ਗਈ ਹੈ ਜੋ ਕਿਸੇ ਵੀ ਤਰ੍ਹਾਂ ਦੇਸ਼ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ। ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿਚ ਮਹਿਲਾ ਕਿਸਾਨ ਯੂਨੀਅਨ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਇਸ ਸਕੀਮ ਦੇ ਲਾਗੂ ਕਰਨ ਉੱਤੇ ਤੁਰੰਤ ਰੋਕ ਲਗਾਵੇ ਅਤੇ ਚੋਣ ਮੈਨੀਫੈਸਟੋ ਵਿੱਚ ਲੱਖਾਂ ਨੌਕਰੀਆਂ ਦੇਣ ਬਾਰੇ ਕੀਤੇ ਵਾਅਦਿਆਂ ਮੁਤਾਬਕ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮਹੱਈਆ ਕਰਵਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸਵਰਨਜੀਤ ਕੌਰ ਮੁੱਖ ਸਲਾਹਕਾਰ, ਬੀਬੀ ਦਵਿੰਦਰ ਕੌਰ ਜਨਰਲ ਸਕੱਤਰ, ਬੀਬੀ ਪਰਮਵੀਰ ਕੌਰ ਪ੍ਰੈੱਸ ਸਕੱਤਰ, ਕੁਲਦੀਪ ਕੌਰ ਹਰੀਪੁਰ, ਰਾਜਵਿੰਦਰ ਕੌਰ ਸ਼ੇਰਗਿੱਲ, ਸੁਖਵਿੰਦਰ ਕੌਰ ਖਿੱਚੀਪੁਰ, ਜਸਵਿੰਦਰ ਕੌਰ, ਸੁਖਮਿੰਦਰ ਕੌਰ, ਇੰਦਰਜੀਤ ਕੌਰ, ਸੁਰਿੰਦਰ ਕੌਰ, ਹਰਮੀਤ ਕੌਰ, ਬਿੰਦਰ ਕੌਰ, ਕਿਰਤਜੋਤ ਕੌਰ, ਸੁਰਿੰਦਰ ਕੌਰ, ਕੋਮਲ, ਜਸਬੀਰ ਕੌਰ, ਰਣਦੀਪ ਕੌਰ, ਜਯੋਤੀ, ਹਰਮਨਦੀਪ ਕੌਰ, ਜੀਤੋ, ਜਿੰਦਰ, ਬਲਵਿੰਦਰ ਕੌਰ, ਨਿਰਮਲ ਕੌਰ, ਮਨਜੀਤ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ, ਮਨਵੀਰ ਕੌਰ, ਗੁਰਜਿੰਦਰ ਕੌਰ, ਨਿਰਮਲ ਕੌਰ ਧੀਰੋਵਾਲ ਆਦਿ ਵੀ ਹਾਜ਼ਰ ਸਨ।

