ਪਟਿਆਲਾ

15 ਸਾਲ ਦੇ ਅਰਸੇ ਬਾਅਦ ਯੂਨੀਵਰਸਿਟੀ ਕੈਂਪਸ ਦੀਆਂ ਟੁੱਟੀਆਂ ਸੜਕਾਂ ਮੁੜ ਲਿਸ਼ਕਣ ਲਈ ਤਿਆਰ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) 15 ਸਾਲ ਦੇ ਅਰਸੇ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੀਆਂ ਟੁੱਟੀਆਂ ਸੜਕਾਂ ਮੁੜ ਲਿਸ਼ਕਣ ਲਈ ਤਿਆਰ ਹਨ। ਕੈਂਪਸ ਵਿਚਲੇ ਰਿਹਾਇਸ਼ੀ ਇਲਾਕੇ ਸਮੇਤ ਤਕਰੀਬਨ ਸਾਰੀਆਂ ਥਾਵਾਂ ਉੱਤੇ ਸੜਕਾਂ ਦੀ ਮੁਰੰਮਤ/ ਪੁਨਰ ਉਸਾਰੀ ਦਾ ਕਾਰਜ ਇਨ੍ਹੀਂ ਦਿਨੀਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿ਼ਕਰਯੋਗ ਹੈ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਸੁਖਾਵੀਂ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਕੈਂਪਸ ਵਿਚਲੀਆਂ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ। ਕੈਂਪਸ ਦੇ ਵਸਨੀਕਾਂ ਅਤੇ ਵਿੱਦਿਅਕ ਲੋੜਾਂ ਲਈ ਯੂਨੀਵਰਸਿਟੀ ਨਾਲ ਜੁੜੇ ਸਭ ਜੀਆਂ ਵੱਲੋਂ ਇਨ੍ਹਾਂ ਸੜਕਾਂ ਦੀ ਪੁਨਰ-ਉਸਾਰੀ ਦੀ ਮੰਗ ਕੀਤੀ ਜਾ ਰਹੀ ਸੀ। 2007 ਤੋਂ ਬਾਅਦ ਹੁਣ 2022 ਵਿੱਚ ਸੜਕਾਂ ਦੀ ਪੁਨਰ ਉਸਾਰੀ ਹੋ ਰਹੀ ਹੈ। ਉਸਾਰੀ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਰੂਸਾ ਗਰਾਂਟ ਦੀ ਮਦਦ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਸੜਕਾਂ ਦੀ ਪੁਨਰ ਉਸਾਰੀ ਦੇ ਨਾਲ਼ ਨਾਲ਼ ਯੂਨੀਵਰਸਿਟੀ ਕੈਂਪਸ ਵਿਚਲੀਆਂ ਖਰਾਬ ਹੋਈਆਂ ਲਿਫ਼ਟਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਯੂਨੀਵਰਸਿਟੀ ਕੈਂਪਸ ਵਿੱਚ ਕੁੱਲ 13 ਲਿਫ਼ਟਾਂ ਹਨ। ਇਨ੍ਹਾਂ ਵਿਚੋਂ 11 ਲਿਫ਼ਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਬਾਰੇ ਉਸਾਰੀ ਵਿਭਾਗ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਜਿਨ੍ਹਾਂ ਲਿਫ਼ਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਵਿੱਚ ਯੂਨੀਵਰਸਿਟੀ ਇੰਜਨੀਅਰਿੰਗ ਕਾਲਜ (ਯੂਕੋ) ਵਿਚਲੀਆਂ ਕੁੱਲ ਚਾਰ ਲਿਫ਼ਟਾਂ, ਲੜਕੇ ਅਤੇ ਲੜਕੀਆਂ ਦੇ ਹੋਸਟਲਾਂ ਵਿਚਲੀਆਂ ਦੋ-ਦੋ ਲਿਫ਼ਟਾਂ ਅਤੇ ਇਸ ਤੋਂ ਇਲਾਵਾ ਪ੍ਰੀਖਿਆ ਸ਼ਾਖਾ, ਭਾਈ ਕਾਹਨ ਸਿੰਘ ਨਾਭਾ ਲਾਇਬਰੇਰੀ ਅਤੇ ਪ੍ਰਬੰਧਨ ਵਿਭਾਗ ਦੀਆਂ ਲਿਫ਼ਟਾਂ ਸ਼ਾਮਿਲ ਹਨ। ਵਿਭਾਗ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਖਿਆ ਸ਼ਾਖਾ, ਭਾਈ ਕਾਹਨ ਸਿੰਘ ਨਾਭਾ ਲਾਇਬਰੇਰੀ ਅਤੇ ਪ੍ਰਬੰਧਨ ਵਿਭਾਗ ਦੀਆਂ ਲਿਫ਼ਟਾਂ ਅਗਲੇ ਹਫ਼ਤੇ ਚਾਲੂ ਹੋ ਜਾਣ ਦੀ ਉਮੀਦ ਹੈ ਪਰ ਬਾਕੀ ਦੀਆਂ ਲਿਫ਼ਟਾਂ ਦੀ ਮੁਰੰਮਤ ਲਈ ਹਾਲੇ ਤਕਰੀਬਨ ਦੋ ਮਹੀਨੇ ਦਾ ਸਮਾਂ ਲੱਗਣਾ ਹੈ।

ਡਾ. ਕਿਰਨ, ਜੋ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਸੈਂਟਰ ਫ਼ਾਰ ਇੰਪਾਵਰਮੈਂਟ ਆਫ਼ ਪਰਸਨ ਵਿਦ ਡਿਸੇਬਿਲਿਟੀਜ਼ ਦੇ ਡਾਇਰੈਕਟਰ ਹਨ, ਵੱਲੋਂ ਲਿਫ਼ਟਾਂ ਦੇ ਇਸ ਮੁਰੰਮਤੀ ਕਾਰਜ ਬਾਰੇ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫ਼ੈਕਲਟੀ ਲਈ ਆਮ ਸਧਾਰਨ ਪੌੜੀਆਂ ਜਾਂ ਹੋਰਨਾਂ ਰਸਤਿਆਂ ਰਾਹੀਂ ਵੱਖ-ਵੱਖ ਥਾਵਾਂ ਉੱਤੇ ਪਹੁੰਚਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਯੂਨੀਵਰਸਿਟੀ ਕੈਂਪਸ ਦੀ ਹਰ ਇਮਾਰਤ ਵਿਚਲੀਆਂ ਵਿੱਦਿਅਕ ਸਹੂਲਤਾਂ ਤੱਕ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਲਿਫ਼ਟ ਦੀ ਸਹੂਲਤ ਦਾ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਇਸ ਸੰਬੰਧੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਗੱਲ ਕਰਦਿਆਂ ਕਿਹਾ ਗਿਆ ਕਿ ਹਰੇਕ ਅਦਾਰੇ ਦਾ ਇਹ ਇਖ਼ਲਾਕੀ ਵੀ ਫਰਜ਼ ਹੁੰਦਾ ਹੈ ਕਿ ਉਹ ਸਮਾਜ ਦੇ ਸਾਰੇ ਵਰਗਾਂ ਲਈ ਲੋੜੀਂਦੀਆਂ ਵਿਸ਼ੇਸ਼ ਸਹੂਲਤਾਂ ਦਾ ਖਿ਼ਆਲ ਰੱਖੇ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਲਿਫ਼ਟਾਂ ਦੀ ਮੁਰੰਮਤ ਹੋਣ ਨਾਲ ਯੂਨੀਵਰਸਿਟੀ ਨਾਲ ਜੁੜੇ ਸਾਰੇ ਹੀ ਵਰਗਾਂ ਲਈ ਸਹੂਲਤ ਪੈਦਾ ਹੋਵੇਗੀ।

Leave a Reply

Your email address will not be published. Required fields are marked *