ਪ੍ਰਸ਼ਾਸ਼ਨ ਦੇ ਅਧਿਕਾਰੀ, ਕਰਮਚਾਰੀ ਆਪਣੀ ਜ਼ਿੰਮੇਦਾਰੀ ਸਮਝ ਕੇ ਪੂਰੀ ਸ਼ਿਦੱਤ ਨਾਲ ਡਿਊਟੀ ਨਿਭਾਉਣ: ਡਿਪਟੀ ਕਮਿਸ਼ਨਰ
ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਕੇਸਾਂ ਦੀ ਸੁਣਵਾਈ ਕਰਨ ਦੇ ਦਿੱਤੇ ਆਦੇਸ਼
ਅਧਿਕਾਰੀਆਂ ਨੂੰ ਟੈਕਸ ਸਮੇਂ ਸਿਰ ਇੱਕਠਾ ਕਰਨ ਅਤੇ ਸਮੇਂ ਸਿਰ ਖਜਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਦਿੱਤੇ ਆਦੇਸ਼
ਪਟਿਆਲਾ, 29 ਮਾਰਚ (ਮਧੂਸਾਰ ਬਿਊਰੋ)
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਆਹੁਦਾ ਸੰਭਾਲਣ ਤੋਂ ਬਾਅਦ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਪਹਿਲੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰਨ ਅਤੇ ਉਹਨਾਂ ਨੂੰ ਵਧੀਆਂ ਤਰੀਕੇ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਮੂਹ ਅਧਿਕਾਰੀ, ਕਰਮਚਾਰੀ ਆਪਣੀ ਜ਼ਿੰਮੇਦਾਰੀ ਸਮਝ ਕੇ ਪੂਰੀ ਸ਼ਿਦੱਤ ਨਾਲ ਡਿਊਟੀ ਨਿਭਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰਾ ਜ਼ਿਲ੍ਹਾ ਪ੍ਰਸ਼ਾਸ਼ਨ ਇੱਕ ਟੀਮ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਹਰ ਅਧਿਕਾਰੀ, ਕਰਮਚਾਰੀ ਦੀ ਆਪਣੀ ਭੂਮਿਕਾਂ ਹੁੰਦੀ ਹੈ।
ਇੱਕ ਵੀ ਕੜੀ ਦੇ ਕਮਜ਼ੋਰ ਪੈਣ ‘ਤੇ ਮਸਲੇ ਉਲਝ ਜਾਂਦੇ ਹਨ ਅਤੇ ਸਾਰਾ ਪ੍ਰਸ਼ਾਸ਼ਨ ਜਿੰਮੇਵਾਰ ਹੋ ਜਾਂਦਾ ਹੈ।
ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਅਧਿਕਾਰੀ ਮੌਜੂਦਾ ਅਮਲੇ ਅਤੇ ਸਾਧਨਾਂ ਦਾ ਵਧੀਆ ਉਪਯੋਗ ਕਰਕੇ ਕੰਮ ਕਰਨ ਤਾਂ ਕੀ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ, ਨਾਲ ਉਹਨਾਂ ਕਿਹਾ ਕਿ ਅਧਿਕਾਰੀ ਆਪ ਵੀ ਪ੍ਰੇਸ਼ਾਨ ਨਾ ਹੋਣ ਕੰਮ ਨੂੰ ਬੋਝ ਨਾ ਸਮਝਣ ਕੰਮ ਦਾ ਆਨੰਦ ਮਾਨਣ। ਵਿਸ਼ੇਸ਼ ਤੌਰ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਪਹਿਲਾਂ ਮੌਕਾ ਦੇਖਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਤੋਂ ਬਾਅਦ ਕੇਸਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ। ਕੰਮ ਕਾਜ ਵਿੱਚ ਪਾਰਦਰਸ਼ਤਾਂ ਆਉਣ ਤੇ ਝਗੜੇ ਵੀ ਘੱਟ ਹੋਣਗੇ ਅਤੇ ਕੋਰਟ ਕੇਸ ਵੀ ਘੱਟ ਹੋਣਗੇ।
ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰ ਦਾ ਬਣਦਾ ਟੈਕਸ ਸਮੇਂ ਸਿਰ ਇੱਕਠਾ ਕਰਨ ਅਤੇ ਸਮੇਂ ਸਿਰ ਖਜਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹਨ। ਉਹਨਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾ ਕਰਕੇ ਮਿਲਿਆ ਵਾਧੂ ਜਿੰਮੇਦਾਰੀਆਂ ਕਾਰਨ ਅਬਿਆਨਾਂ, ਚੌਕੀਦਾਰਾ ਅਤੇ ਲੋਨ ਡੀਫਾਲਟ ਕਰਨ ਵਾਲਿਆਂ ਤੋਂ ਰਿਕਵਰੀ ਕਰਨ ਵਿੱਚ ਕੁਝ ਦੇਰੀ ਜਰੂਰ ਹੋਈ ਹੈ ਪਰ ਇਹ ਸਾਰੇ ਕੰਮ ਅਪ੍ਰੈਲ ਮਹੀਨੇ ‘ਚ ਹੋਣ ਵਾਲੀ ਸਮੀਖਿਆ ਮੀਟਿੰਗ ਤੋਂ ਪਹਿਲਾ ਤੇਜੀ ਨਾਲ ਨੇਪਰੇ ਚੜਾਏ ਜਾਣ ਤਾਂ ਕਿ ਵਿਕਾਸ ਕਾਰਜਾਂ ਲਈ ਵਾਧੂ ਫੰਡ ਮੁਹੱਈਆ ਹੋ ਸਕੇ ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਕੇਸ ਨੂੰ ਨਿਪਟਾਉਣ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਹਰਪ੍ਰੀਤ ਸੂਦਨ, ਐਸ.ਡੀ.ਐਮ. ਸ਼ਤਰਾਣਾ ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਐਸ.ਡੀ.ਐਮ. ਦੂਧਣਸਾਧਾਂ ਡਾ. ਸਿਮਰਪ੍ਰੀਤ ਕੌਰ ਵੀ ਮੌਜੂਦ ਸਨ।

